ਪਾਕਿਸਤਾਨ ਦੇ ਉਪ-ਕਪਤਾਨ ਸ਼ਾਦਾਬ ਖਾਨ ਨੇ ਏਸ਼ੀਆ ਕੱਪ ਫਾਈਨਲ 'ਚ ਹਾਰ ਦੀ ਜ਼ਿੰਮੇਵਾਰੀ ਲਈ
Monday, Sep 12, 2022 - 03:13 PM (IST)
ਦੁਬਈ (ਏਜੰਸੀ)- ਪਾਕਿਸਤਾਨ ਦੇ ਉਪ-ਕਪਤਾਨ ਅਤੇ ਹਰਫਨਮੌਲਾ ਸ਼ਾਦਾਬ ਖਾਨ ਨੇ ਸ਼੍ਰੀਲੰਕਾ ਖ਼ਿਲਾਫ਼ ਏਸ਼ੀਆ ਕੱਪ 2022 ਦੇ ਫਾਈਨਲ ਵਿਚ ਹਾਰ ਦੀ ਜ਼ਿੰਮੇਵਾਰੀ ਲੈਂਦੇ ਹੋਏ ਦੇਸ਼ ਤੋਂ ਮੁਆਫੀ ਮੰਗੀ ਹੈ। ਸ਼ਾਦਾਬ ਨੇ ਸੋਮਵਾਰ ਨੂੰ ਟਵੀਟ ਕੀਤਾ, 'ਕੈਚ ਹੀ ਮੈਚ ਜਿੱਤਾਉਂਦੇ ਹਨ। ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਆਪਣੀ ਟੀਮ ਨੂੰ ਨਿਰਾਸ਼ ਕੀਤਾ।'
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ 'ਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾਇਆ। ਸ਼ਾਦਾਬ ਨੇ ਮੈਚ ਦੀ ਪਹਿਲੀ ਪਾਰੀ 'ਚ ਭਾਨੁਕਾ ਰਾਜਪਕਸ਼ੇ ਦੇ ਦੋ ਕੈਚ ਛੱਡੇ, ਜੋ 45 ਗੇਂਦਾਂ 'ਤੇ 71 ਦੌੜਾਂ ਬਣਾ ਕੇ ਸ਼੍ਰੀਲੰਕਾ ਦੀ ਜਿੱਤ ਦੇ ਹੀਰੋ ਰਹੇ। ਪਾਕਿਸਤਾਨ ਨੂੰ ਹਾਲਾਂਕਿ ਇਸ ਟੂਰਨਾਮੈਂਟ 'ਚ ਨਸੀਮ ਸ਼ਾਹ ਦੇ ਰੂਪ 'ਚ ਬਿਹਤਰੀਨ ਤੇਜ਼ ਗੇਂਦਬਾਜ਼ ਮਿਲਿਆ, ਜਦਕਿ ਹੈਰੀਸ ਰਾਊਫ ਅਤੇ ਮੁਹੰਮਦ ਨਵਾਜ਼ ਨੇ ਵੀ ਟੀਮ ਲਈ ਮਹੱਤਵਪੂਰਨ ਪ੍ਰਦਰਸ਼ਨ ਕੀਤਾ।
ਟੂਰਨਾਮੈਂਟ ਦੇ ਸਕਾਰਾਤਮਕ ਪਹਿਲੂਆਂ ਬਾਰੇ ਗੱਲ ਕਰਦੇ ਹੋਏ ਸ਼ਾਦਾਬ ਨੇ ਕਿਹਾ, 'ਨਸੀਮ ਸ਼ਾਹ, ਹੈਰਿਸ ਰਾਊਫ, ਮੁਹੰਮਦ ਨਵਾਜ਼ ਅਤੇ ਪਾਕਿਸਤਾਨ ਦੀ ਪੂਰੀ ਗੇਂਦਬਾਜ਼ੀ ਨੇ ਵਧੀਆ ਪ੍ਰਦਰਸ਼ਨ ਕੀਤਾ। ਮੁਹੰਮਦ ਰਿਜ਼ਵਾਨ ਨੇ ਵੀ ਸਖ਼ਤ ਮੁਕਾਬਲਾ ਕੀਤਾ। ਪੂਰੀ ਟੀਮ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ।' ਰਾਜਪਕਸ਼ੇ ਦੀ ਫੈਸਲਾਕੁੰਨ ਪਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 20 ਓਵਰਾਂ 'ਚ 172 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ 'ਚ ਬਾਬਰ ਆਜ਼ਮ ਦੀ ਟੀਮ 147 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਲਈ ਮੁਹੰਮਦ ਰਿਜ਼ਵਾਨ ਨੇ 55 (49) ਦੌੜਾਂ, ਜਦਕਿ ਇਫਤਿਖਾਰ ਅਹਿਮਦ ਨੇ 32 (31) ਦੌੜਾਂ ਬਣਾਈਆਂ।