ਲਕਸ਼ਮਣ ਦੀ ਹਾਰ ਨਾਲ ਭਾਰਤ ਨੂੰ ਝਟਕਾ
Wednesday, Dec 26, 2018 - 06:41 PM (IST)

ਭੋਪਾਲ : ਭੋਪਾਲ ਇੰਟਰਨੈਸ਼ਨਲ ਸ਼ਤਰੰਜ ਦੇ ਰਾਊਂਡ 8 ਤੋਂ ਬਾਅਦ ਵੀਅਤਨਾਮ ਦੇ ਖਿਡਾਰੀਆਂ ਨੇ ਆਪਣਾ ਦਬਦਬਾ ਦਿਖਾਉਂਦਿਆਂ ਬੜ੍ਹਤ ਹਾਸਲ ਕਰ ਲਈ ਹੈ। ਪਹਿਲੇ ਬੋਰਡ 'ਤੇ ਸਭ ਤੋਂ ਅੱਗੇ ਚੱਲ ਰਹੇ ਵੀਅਤਨਾਮ ਦੇ ਗ੍ਰੈਂਡ ਮਾਸਟਰ ਨੁਏਨ ਵਾਨ ਹੂਏ ਨੇ ਭਾਰਤ ਦੇ ਵਿਘਨੇਸ਼ ਐੱਨ. ਆਰ. ਨਾਲ ਡਰਾਅ ਖੇਡਦੇ ਹੋਏ 7 ਅੰਕਾਂ ਨਾਲ ਆਪਣੀ ਬੜ੍ਹਤ ਬਰਕਰਾਰ ਰੱਖੀ ਹੈ ਹਾਲਾਂਕਿ ਹੁਣ ਨੁਏਨ ਵਾਨ ਚੋਟੀ 'ਤੇ ਇਕੱਲਾ ਨਹੀਂ ਹੈ, ਉਸ਼ਦੇ ਨਾਲ ਹੁਣ ਵੀਅਤਨਾਮ ਦੇ ਹੀ ਗ੍ਰੈਂਡ ਮਾਸਟਰ ਟ੍ਰਾਨ ਸਿੰਘ ਮਿਨ੍ਹ ਨੇ ਭਾਰਤ ਦੇ ਆਰ. ਆਰ. ਲਕਸ਼ਮਣ ਨੂੰ ਹਰਾਉਂਦਿਆਂ 7 ਅੰਕਾਂ ਨਾਲ ਸਾਂਝੀ ਬੜ੍ਹਤ ਹਾਸਲ ਕਰ ਲਈ ਹੈ। ਲਕਸ਼ਮਣ ਦੀ ਹਾਰ ਨਾਲ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ ਕਿਉਂਕਿ ਇਸ ਹਾਰ ਤੋਂ ਪਹਿਲਾਂ ਉਹ ਸਾਂਝੇ ਤੌਰ 'ਤੇ ਚੋਟੀ 'ਤੇ ਚੱਲ ਰਿਹਾ ਹੈ। ਤੀਜੇ ਬੋਰਡ 'ਤੇ ਭਾਰਤ ਦੇ ਉਤਕਲ ਰੰਜਨ ਸਾਹੂ ਨੇ ਅਰਮੀਨੀਆ ਦੇ ਕੇਰੇਨ ਮੋਵੇਸਿਜਯਨ ਨੂੰ ਡਰਾਅ 'ਤੇ ਰੋਕਦੇ ਹੋਏ ਆਪਣੇ ਇੰਟਰਨੈਸ਼ਨਲ ਮਾਸਟਰ ਨਾਰਮ ਹਾਸਲ ਕਰਨ ਵੱਲ ਕਦਮ ਵਧਾ ਦਿੱਤੇ ਹਨ। ਚੌਥੇ ਬੋਰਡ 'ਤੇ ਤਜ਼ਾਕਿਸਤਾਨ ਦੇ ਖੁਸੇਂਖੋਜੇਵ ਮੁਹੰਮਦ ਤੇ ਭਾਰਤ ਦੇ ਪੀ. ਸ਼ਿਆਮ ਨਿਖਿਲ ਵਿਚਾਲੇ ਮੁਕਾਬਲਾ ਵੀ ਡਰਾਅ ਖਤਮ ਹੋਇਆ।