ਫਲਾਪ ਸ਼ੋਅ ਤੋਂ ਬਾਅਦ ਨਿਊਜ਼ੀਲੈਂਡ ਦੌਰੇ ਤੋਂ ਹਟ ਸਕਦੇ ਨੇ ਪਾਕਿਸਤਾਨ ਦੇ ਸੀਨੀਅਰ ਕ੍ਰਿਕਟਰ

Saturday, Mar 01, 2025 - 04:16 PM (IST)

ਫਲਾਪ ਸ਼ੋਅ ਤੋਂ ਬਾਅਦ ਨਿਊਜ਼ੀਲੈਂਡ ਦੌਰੇ ਤੋਂ ਹਟ ਸਕਦੇ ਨੇ ਪਾਕਿਸਤਾਨ ਦੇ ਸੀਨੀਅਰ ਕ੍ਰਿਕਟਰ

ਲਾਹੌਰ– ਚੈਂਪੀਅਨਜ਼ ਟਰਾਫੀ ਤੋਂ ਸ਼ਰਮਨਾਕ ਤਰੀਕੇ ਨਾਲ ਬਾਹਰ ਹੋਣ ਤੋਂ ਬਾਅਦ ਪਾਕਿਸਤਾਨ ਦੇ ਕੁਝ ਸੀਨੀਅਰ ਖਿਡਾਰੀ ਅਗਲੇ ਮਹੀਨੇ ਨਿਊਜ਼ੀਲੈਂਡ ਦੌਰੇ ’ਤੇ ਜਾਣ ਵਾਲੀ ਟੀਮ ਤੋਂ ਖੁਦ ਨੂੰ ਵੱਖ ਕਰ ਸਕਦੇ ਹਨ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਾਕਿਸਤਾਨ 29 ਸਾਲ ਦੇ ਲੰਬੇ ਸਮੇਂ ਬਾਅਦ ਆਈ. ਸੀ. ਸੀ. ਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਉਹ ਇਕ ਵੀ ਮੈਚ ਜਿੱਤੇ ਬਿਨਾਂ ਇਸ ਵਿਚੋਂ ਬਾਹਰ ਹੋ ਗਿਆ। ਟੀਮ ਨੇ ਕਰਾਚੀ ਵਿਚ ਨਿਊਜ਼ੀਲੈਂਡ ਵਿਰੁੱਧ 60 ਦੌੜਾਂ ਦੀ ਵੱਡੀ ਹਾਰ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਫਿਰ ਦੁਬਈ ਵਿਚ ਪੁਰਾਣੇ ਵਿਰੋਧੀ ਭਾਰਤ ਹੱਥੋਂ 6 ਵਿਕਟਾਂ ਨਾਲ ਹਾਰ ਗਈ। ਰਾਵਲਪਿੰਡੀ ਵਿਚ ਵੀਰਵਾਰ ਨੂੰ ਬੰਗਲਾਦੇਸ਼ ਵਿਰੁੱਧ ਘਰੇਲੂ ਟੀਮ ਦਾ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ।

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਅਧਿਕਾਰੀ ਨੇ ਕਿਹਾ ਕਿ ਕੁਝ ਖਿਡਾਰੀ ਇਸ ਗੱਲ ’ਤੇ ਵਿਚਾਰ ਕਰ ਰਹੇ ਹਨ ਕਿ ਕੀ ਉਨ੍ਹਾਂ ਨੂੰ ਨਿਊਜ਼ੀਲੈਂਡ ਦੌਰੇ ਦੀ ਯਾਤਰਾ ਕਰਨੀ ਚਾਹੀਦੀ ਹੈ। ਪਾਕਿਸਤਾਨ ਨੂੰ 16 ਮਾਰਚ ਤੋਂ 5 ਅਪ੍ਰੈਲ ਤੱਕ ਸਫੈਦ ਗੇਂਦ ਦੇ ਦੌਰੇ ਦੌਰਾਨ 5 ਟੀ-20 ਕੌਮਾਂਤਰੀ ਤੇ ਤਿੰਨ ਵਨ ਡੇ ਮੈਚ ਖੇਡਣੇ ਹਨ।

ਬਾਬਰ ਆਜ਼ਮ, ਸ਼ਾਹੀਨ ਸ਼ਾਹ ਅਫਰੀਦੀ, ਹੈਰਿਸ ਰਾਊਫ, ਨਸੀਮ ਸ਼ਾਹ ਖੁਦ ਨੂੰ ਦੌਰੇ ਲਈ ਅਣਉਪਲੱਬਧ ਰੱਖਣ ’ਤੇ ਵਿਚਾਰ ਕਰ ਰਹੇ ਹਨ।

ਇਕ ਸੂਤਰ ਨੇ ਕਿਹਾ, ‘‘ਇਨ੍ਹਾਂ ਖਿਡਾਰੀਆਂ ਨੂੰ ਪਤਾ ਹੈ ਕਿ ਚੋਣਕਾਰਾਂ ਵੱਲੋਂ ਉਨ੍ਹਾਂ ਨੂੰ ਬਾਹਰ ਕੀਤੇ ਜਾਣ ਦੀ ਕਾਫੀ ਸੰਭਾਵਨਾ ਹੈ। ਉਹ ਹੁਣ ਨਵੇਂ ਚਿਹਰਿਆਂ ਨੂੰ ਅਜਮਾਉਣਾ ਚਾਹੁਣਗੇ, ਇਸ ਲਈ ਅਜਿਹੇ ਖਿਡਾਰੀ ਖੁਦ ਆਪਣਾ ਨਾਂ ਵਾਪਸ ਲੈਣ ਦੇ ਬਾਰੇ ਵਿਚ ਸੋਚ ਰਹੇ ਹਨ। ਉਹ ਅਗਲਾ ਕਦਮ ਚੁੱਕਣ ਲਈ ਆਪਣੇ ਪ੍ਰਤੀਨਿਧਤੀਆਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ।’’

ਕਪਤਾਨ ਮੁਹੰਮਦ ਰਿਜ਼ਵਾਨ ਦੇ ਭਵਿੱਖ ’ਤੇ ਵੀ ਸ਼ੱਕ ਦੇ ਬੱਦਲ ਮੰਡਰਾ ਰਹੇ ਹਨ ਕਿਉਂਕਿ ਚੋਣਕਾਰ ਇਸ ਸਾਲ ਦੇ ਅੰਤ ਵਿਚ ਏਸ਼ੀਆ ਕੱਪ ਤੇ ਅਗਲੇ ਸਾਲ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀ-20 ਦੇ ਪੁਨਰਨਿਰਮਾਣ ਲਈ ਮੁਖੀ ਨੂੰ ਸਿਫਾਰਿਸ਼ ਕਰ ਸਕਦੇ ਹਨ।

ਇਸ ਵਿਚਾਲੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਲਾਹੌਰ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਅੰਤ੍ਰਿਮ ਕੋਚ ਆਕਿਬ ਜਾਵੇਦ ਲਈ ਇਕ ਨਵੀਂ ਭੂਮਿਕਾ ਦੀ ਭਾਲ ਕਰ ਰਿਹਾ ਹੈ।

ਇਕ ਸੂਤਰ ਦੇ ਮੁਤਾਬਕ ਜਾਵੇਦ ਨੇ ਪਿਛਲੇ ਸਾਲ ਅਕੈਡਮੀ ਵਿਚ ਕੰਮ ਕਰਨ ਲਈ ਚੇਅਰਮੈਨ ਮੋਹਸਿਨ ਨਕਵੀ ਨੂੰ ਕਈ ਵਾਰ ਅਪੀਲ ਕੀਤੀ ਸੀ। ਸੂਤਰ ਨੇ ਕਿਹਾ, ‘‘ਅੰਤ੍ਰਿਮ ਮੁੱਖ ਕੋਚ ਦੇ ਰੂਪ ਵਿਚ ਆਕਿਬ ਦਾ ਕਾਰਜਕਾਲ ਖਤਮ ਹੋ ਗਿਆ ਹੈ, ਹੁਣ ਉਸ ਨੂੰ ਲਾਹੌਰ ਵਿਚ ਰਾਸ਼ਟਰੀ ਅਕੈਡਮੀ ਵਿਚ ਇਕ ਸੀਨੀਅਰ ਅਹੁਦੇ ਦਾ ਕੰਮ ਸੌਂਪਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਬੋਰਡ ਨੇ ਗੈਰੀ ਕਰਸਟਨ ਤੇ ਜੈਸਨ ਗਿਲੇਸਪੀ ਦੇ ਅਸਤੀਫੇ ਦੇ ਕਾਰਨ ਜਾਵੇਦ ਨੂੰ ਅੰਤ੍ਰਿਮ ਮੁੱਖ ਕੋਚ ਦਾ ਅਹੁਦਾ ਸੰਭਾਲਣ ਲਈ ਕਿਹਾ ਸੀ।’’

ਸੂਤਰ ਨੇ ਕਿਹਾ,‘‘ਸਾਰੇ ਫੈਸਲੇ 9 ਮਾਰਚ ਨੂੰ ਚੈਂਪੀਅਨਜ਼ ਟਰਾਫੀ ਖਤਮ ਹੋਣ ਤੋਂ ਬਾਅਦ ਲਏ ਜਾਣਗੇ।’’
 


author

Tarsem Singh

Content Editor

Related News