ਕਰਜ਼ਾ ਲਾਹੁਣ ਲਈ ਟਰਾਫੀਆਂ ਵੇਚੇਗਾ ਬੋਰਿਸ ਬੇਕਰ

06/25/2019 3:15:20 AM

ਲੰਡਨ— ਧਾਕੜ ਜਰਮਨ ਟੈਨਿਸ ਖਿਡਾਰੀ ਬੋਰਿਸ ਬੇਕਰ ਨੂੰ ਆਪਣਾ ਕਰਜ਼ਾ ਲਾਹੁਣ ਲਈ ਕਰੀਅਰ 'ਚ ਮਿਹਨਤ ਨਾਲ ਹਾਸਲ ਕੀਤੀਆਂ ਗਈਆਂ ਬੇਸ਼ਕੀਮਤੀ ਟਰਾਫੀਆਂ ਨੂੰ ਨੀਲਾਮ ਕਰਨਾ ਪੈ ਰਿਹਾ ਹੈ, ਜਿਸ ਦੀ ਸ਼ੁਰੂਆਤ ਸੋਮਵਾਰ ਤੋਂ ਹੋਵੇਗੀ। ਬ੍ਰਿਟਿਸ਼ ਨੀਲਾਮੀ ਫਰਮ ਵਾਈਲਸ ਹਾਰਡੀ ਸੋਮਵਾਰ ਤੋਂ ਆਨਲਾਈਨ ਨੀਲਾਮੀ ਰਾਹੀਂ ਇਨ੍ਹਾਂ ਟਰਾਫੀਆਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਗ੍ਰੈਂਡ ਸਲੈਮ ਵਿੰਬਲਡਨ ਦੇ ਇਤਿਹਾਸ ਵਿਚ ਖਿਤਾਬ ਜਿੱਤਣ ਵਾਲਾ ਸਭ ਤੋਂ ਨੌਜਵਾਨ ਟੈਨਿਸ ਸਟਾਰ ਬੇਕਰ ਆਪਣੇ ਸਮੇਂ ਦੇ ਮਹਾਨ ਟੈਨਿਸ ਖਿਡਾਰੀਆਂ ਵਿਚ ਗਿਣਿਆ ਜਾਂਦਾ ਹੈ, ਜਿਸ ਨੇ ਸਿਰਫ 17 ਸਾਲ ਦੀ ਉਮਰ 'ਚ ਹੀ ਤਿੰਨ ਗ੍ਰੈਂਡ ਸਲੈਮ ਜਿੱਤ ਲਏ ਸਨ।

PunjabKesari
ਬੇਕਰ ਪੈਸੇ ਇਕੱਠੇ ਕਰਨ ਲਈ ਆਪਣੇ ਤਮਗੇ, ਕੱਪ, ਘੜੀਆਂ ਅਤੇ ਫੋਟੋਆਂ ਸਮੇਤ ਕੁਲ 82 ਚੀਜ਼ਾਂ ਦੀ ਨੀਲਾਮੀ ਕਰੇਗਾ। ਇਹ ਨੀਲਾਮੀ 11 ਜੁਲਾਈ ਤਕ ਚੱਲੇਗੀ, ਜਿਸ ਦੀ ਜਾਣਕਾਰੀ ਨੀਲਾਮੀਕਰਤਾ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੀ ਹੈ। ਜਰਮਨ ਸਟਾਰ ਦੀਆਂ ਟਰਾਫੀਆਂ ਵਿਚ ਚੈਲੰਜ ਕੱਪ, ਤਿੰਨ ਰੇਨਸ਼ਾ ਕੱਪ ਸ਼ਾਮਲ ਹਨ। ਸਾਲ 1990 ਵਿਚ ਵਿੰਬਲਡਨ ਦੇ ਫਾਈਨਲਿਸਟ ਰਹਿਣ 'ਤੇ ਪ੍ਰਾਪਤ ਹੋਇਆ ਉਸ ਦਾ ਤਮਗਾ ਅਤੇ ਸਾਲ 1989 ਵਿਚ ਇਵਾਨ ਲੇਂਡਲ 'ਤੇ ਮਿਲੀ ਜਿੱਤ ਤੋਂ ਬਾਅਦ ਭੇਟ ਕੀਤਾ ਗਿਆ ਯੂ. ਐੱਸ. ਓਪਨ ਦਾ ਚਾਂਦੀ ਨਾਲ ਬਣਿਆ ਕੱਪ ਵੀ ਨੀਲਾਮ ਕੀਤਾ ਜਾਵੇਗਾ।


51 ਸਾਲਾ ਮਹਾਨ ਖਿਡਾਰੀ ਨੂੰ ਸਾਲ 2017 'ਚ ਦੀਵਾਲੀਆ ਐਲਾਨ ਕਰ ਦਿੱਤਾ ਗਿਆ ਸੀ। ਜੂਨ 2018 'ਚ ਹਾਲਾਂਕਿ ਵਿਸ਼ੇਸ਼ ਡਿਪਲੋਮੈਟਿਕ ਦਰਜਾ ਹਾਸਲ ਹੋਣ ਦਾ ਹਵਾਲਾ ਦੇ ਕੇ ਉਸ ਨੇ ਆਪਣੀ ਨਿੱਜੀ ਸੰਪਤੀ ਦੀ ਨੀਲਾਮੀ ਰੁਕਵਾ ਦਿੱਤੀ ਸੀ। ਸਾਬਕਾ ਨੰਬਰ ਇਕ ਟੈਨਿਸ ਖਿਡਾਰੀ ਅਤੇ 6 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ 'ਤੇ ਲੱਖਾਂ ਪੌਂਡ ਦਾ ਕਰਜ਼ਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੀਲਾਮੀ ਤੋਂ ਵੀ ਉਹ ਇਸ ਨੂੰ ਚੁਕਾ ਨਹੀਂ ਸਕੇਗਾ। ਬੇਕਰ ਮਾਰਲੋਕਾ ਵਿਚ ਆਪਣੇ ਆਲੀਸ਼ਾਨ ਮਕਾਨ 'ਤੇ ਹੋਏ ਨਿਰਮਾਣ ਲਈ ਪੈਸਾ ਨਾ ਦੇਣ ਅਤੇ ਆਪਣੀ ਸਾਬਕਾ ਪਤਨੀ ਨਾਲ ਕਾਨੂੰਨੀ ਲੜਾਈ ਅਤੇ ਜਰਮਨੀ ਵਿਚ 17 ਲੱਖ ਯੂਰੋ ਦੀ ਟੈਕਸ ਚੋਰੀ ਵਰਗੇ ਕਈ ਮਾਮਲਿਆਂ ਵਿਚ ਫਸਿਆ ਹੋਇਆ ਹੈ।


Gurdeep Singh

Content Editor

Related News