''ਪਤਾ ਨਹੀਂ ਕਿਧਰੋਂ ਗੋਲੀ ਚੱਲ ਜਾਵੇ...'', ਇਸ ਕ੍ਰਿਕਟਰ ਨੇ ਕੀਤਾ ਵੱਡਾ ਖੁਲਾਸਾ
Tuesday, Dec 23, 2025 - 05:44 PM (IST)
ਸਪੋਰਟਸ ਡੈਸਕ- ਅਫਗਾਨਿਸਤਾਨ ਦੇ ਸੁਪਰਸਟਾਰ ਕ੍ਰਿਕਟਰ ਰਾਸ਼ਿਦ ਖਾਨ ਨੇ ਆਪਣੇ ਦੇਸ਼ 'ਚ ਯਾਤਰਾ ਦੌਰਾਨ ਅਪਣਾਏ ਜਾਣ ਵਾਲੇ ਅਸਾਧਾਰਣ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਆਪਣੀ ਸੁੱਖਿਆ ਲਈ ਉਨ੍ਹਾਂ ਨੂੰ ਬੁਲੇਟਪਰੂਫ ਕਾਰ ਦੀ ਵਰਤੋਂ ਕਰਨੀ ਪੈਂਦੀ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਦੇ ਨਾਲ ਇਕ ਇੰਟਰਵਿਓ ਦੌਰਾਨ ਰਾਸ਼ਿਦ ਨੇ ਦੱਸਿਆ ਕਿ ਅਫਗਾਨਿਸਤਾਨ 'ਚ ਉਨ੍ਹਾਂ ਲਈ ਆਜ਼ਾਦੀ ਨਾਲ ਘੁੰਮਣਾ ਸੰਭਵ ਨਹੀਂ ਹੈ, ਜਿਸਨੂੰ ਸੁਣ ਕੇ ਪੀਟਰਸਨ ਵੀ ਹੈਰਾਨ ਰਹੇ ਗਏ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਘਰ 'ਚ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਕਿਹੋ ਜਿਹੀ ਹੈ ਤਾਂ ਰਾਸ਼ਿਦ ਨੇ ਸਾਫ ਕਿਹਾ, 'ਕੋਈ ਚਾਂਜ ਹੀ ਨਹੀਂ। ਮੈਂ ਸਿਰਫ ਆਪਣੀ ਬੁਲੇਟਪਰੂਫ ਕਾਰ 'ਚ ਹੀ ਸਫਰ ਕਰਦਾ ਹਾਂ।
ਹੈਰਾਨ ਰਹਿ ਗਏ ਪੀਟਰਸਨ
ਪੀਟਰਸਨ ਇਹ ਸੁਣ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪੁੱਛਿਆ ਕਿ ਇੰਨੀ ਸਖਤ ਸੁਰੱਖਿਆ ਦੀ ਲੋੜ ਕਿਉਂ ਪੈਂਦੀ ਹੈ। ਇਸ 'ਤੇ ਰਾਸ਼ਿਦ ਖਾਨ ਨੇ ਬੇਹੱਦ ਸ਼ਾਂਤ ਲਹਿਜੇ 'ਚ ਸਮਝਾਇਆ ਕਿ ਭਲੇ ਹੀ ਉਹ ਸਿੱਧੇ ਤੌਰ 'ਤੇ ਕਿਸੇ ਦੇ ਨਿਸ਼ਾਨੇ 'ਤੇ ਨਹੀਂ ਹਨ ਪਰ ਸੁਰੱਖਿਆ ਹਾਲਾਤ ਦੀ ਅਨਿਸ਼ਚਿਤਤਾ ਦੇ ਚਲਦੇ ਇਹ ਸੁਰੱਖਿਆ ਬੇਹੱਦ ਜ਼ਰੂਰੀ ਹੋ ਜਾਂਦੀ ਹੈ। ਰਾਸ਼ਿਦ ਨੇ ਕਿਹਾ ਕਿ ਕਦੋਂ ਤੁਸੀਂ ਕਿੱਥੇ ਫਸ ਜਾਓ, ਇਸਦਾ ਅੰਦਾਜ਼ਾ ਵੀ ਨਹੀਂ। ਕੀ ਪਤਾ ਕਿਧਰੋ ਗੋਲੀ ਆ ਜਾਵੇ। ਇਸ ਲਈ ਅਜਿਹਾ ਕਰਨਾ ਪੈਂਦਾ ਹੈ।
Rashid Khan Uses A Bulletproof Car When Visiting Afghanistan! 😮 pic.twitter.com/53BZkyWunp
— The Switch | Kevin Pietersen (@kptheswitch) December 22, 2025
ਰਾਸ਼ਿਦ ਨੇ ਅੱਗੇ ਕਿਹਾ ਕਿ ਇਹ ਗੱਡੀ ਖਾਸ ਤੌਰ 'ਤੇ ਉਨ੍ਹਾਂ ਲਈ ਬਣਵਾਈ ਗਈ ਹੈ ਅਤੇ ਅਫਗਾਨਿਸਤਾਨ 'ਚ ਇਸ ਤਰ੍ਹਾਂ ਦੀ ਸੁਰੱਖਿਆ ਵਿਵਸਥਾ ਕੋਈ ਆਮ ਗੱਲ ਨਹੀਂ ਹੈ।
ਰਾਸ਼ਦ ਖਾਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਸਦੀ ਵਰਤੋਂ ਕਰਦੇ ਹਨ। ਅਫਗਾਨਿਸਤਾਨ 'ਚ ਇਹ ਆਮ ਗੱਲ ਹੈ। ਰਾਸ਼ਿਦ ਦੀਆਂ ਇਹ ਗੱਲਾਂ ਉਨ੍ਹਾਂ ਦੇ ਘਰੇਲੂ ਜੀਵਨ ਅਤੇ ਵਿਦੇਸ਼ਾਂ 'ਚ ਉਨ੍ਹਾਂ ਦੇ ਸਟਾਰਡਮ ਵਿਚਾਲੇ ਡੁੰਘੇ ਅੰਤਰ ਨੂੰ ਉਜਾਗਰ ਕਰਦੀਆਂ ਹਨ। ਨੰਗਰਹਾਰ ਸੂਬੇ ਵਿੱਚ ਜਨਮੇ, ਰਾਸ਼ਿਦ ਨੇ ਯੁੱਧ ਪ੍ਰਭਾਵਿਤ ਅਫਗਾਨ ਕ੍ਰਿਕਟ ਦ੍ਰਿਸ਼ ਤੋਂ ਉੱਭਰ ਕੇ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਡਰਾਉਣੇ ਟੀ-20 ਗੇਂਦਬਾਜ਼ਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ।
