ਸੰਕਲਪ ਗੁਪਤਾ ਬਣਿਆ ਭਾਰਤ ਦਾ 71ਵਾਂ ਗ੍ਰੈਂਡ ਮਾਸਟਰ
Tuesday, Nov 09, 2021 - 03:41 AM (IST)
ਚੇਨਈ (ਨਿਕਲੇਸ਼ ਜੈਨ)- ਸੰਕਲਪ ਗੁਪਤਾ ਭਾਰਤ ਦਾ 71ਵਾਂ ਗ੍ਰੈਂਡ ਮਾਸਟਰ ਬਣ ਗਿਆ ਹੈ, ਜਿਸ ਤੋਂ ਬਾਅਦ ਧਾਕੜ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਹੁਣ ਉਸ ਨੂੰ 100ਵੇਂ ਗ੍ਰੈਂਡ ਮਾਸਟਰ ਦਾ ਇੰਤਜ਼ਾਰ ਹੈ। ਗੁਪਤਾ ਨੇ ਸਰਬੀਆ ਦੇ ਅਰਾਂਦਜੇਲੋਵਾਕ ਵਿਚ ਜੀ. ਐੱਮ. ਆਸਕ ਥ੍ਰੀ ਰਾਊਂਡ ਰੌਬਿਨ ਪ੍ਰਤੀਯੋਗਿਤਾ ਵਿਚ 6.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿ ਕੇ ਤੀਜਾ ਗ੍ਰੈਂਡ ਮਾਸਟਰ ਨਾਰਮ ਹਾਸਲ ਕੀਤਾ। ਗੁਪਤਾ ਨੇ ਲਗਾਤਾਰ ਤਿੰਨ ਟੂਰਨਾਮੈਂਟ ਵਿਚ ਖੇਡਦੇ ਹੋਏ ਸਿਰਫ 24 ਦਿਨ ਦੇ ਅੰਦਰ ਤਿੰਨ ਗ੍ਰੈਂਡ ਮਾਸਟਰ ਨਾਰਮ ਹਾਸਲ ਕੀਤੇ। ਮਹਾਰਾਸ਼ਟਰ ਦੇ ਇਸ ਖਿਡਾਰੀ ਨੇ ਤੀਜੇ ਟੂਰਨਾਮੈਂਟ ਦੌਰਾਨ ਆਪਣੀ ਈ. ਐੱਲ. ਓ. ਰੇਟਿੰਗ 2500 'ਤੇ ਵੀ ਪਹੁੰਚਾਈ ਸੀ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
ਗ੍ਰੈਂਡ ਮਾਸਟਰ ਦੀ ਉਪਲੱਬਧੀ ਹਾਸਲ ਕਰਨ ਲਈ ਇਕ ਖਿਡਾਰੀ ਨੂੰ 3 ਗ੍ਰੈਂਡ ਮਾਸਟਰ ਨਾਰਮ ਹਾਸਲ ਕਰਨੇ ਪੈਂਦੇ ਹਨ ਤੇ ਉਸਦੀ 'ਲਾਈਵ' ਈ. ਐੱਲ. ਓ. ਰੇਟਿੰਗ 2500 ਜਾਂ ਇਸ ਤੋਂ ਵਧੇਰੇ ਹੋਣੀ ਚਾਹੀਦੀ ਹੈ। ਗੁਪਤਾ ਨੇ 5 ਬਾਜ਼ੀਆਂ ਜਿੱਤੀਆਂ, 3 ਡਰਾਅ ਕੀਤੀਆਂ ਜਦਕਿ ਰੂਡਿਕਮਾਰਕੀਅਨ (ਰੂਸ) ਤੋਂ ਉਸ ਨੂੰ ਹਾਰ ਝੱਲਣੀ ਪਈ। ਮਾਰਕੀਅਨ ਦੇ ਵੀ 6.5 ਅੰਕ ਰਹੇ ਪਰ ਬਿਹਤਰ ਟਾਈ ਬ੍ਰੇਕ ਸਕੋਰ ਦੇ ਆਧਾਰ 'ਤੇ ਉਸ ਨੂੰ ਪਹਿਲਾ ਸਥਾਨ ਮਿਲਿਆ। ਭਾਰਤ ਦਾ ਇਕ ਹੋਰ ਖਿਡਾਰੀ ਐੱਸ. ਨਿਤਿਨ 5.5 ਅੰਕ ਲੈ ਕੇ ਚੌਥੇ ਸਥਾਨ 'ਤੇ ਰਿਹਾ। ਵਿਸ਼ਵਨਾਥਨ ਆਨੰਦ ਨੇ ਗੁਪਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤੀ ਸ਼ਤਰੰਜ ਲਈ ਫਿਰ ਤੋਂ ਇਕ ਹੋਰ ਹਫਤਾ ਸ਼ਾਨਦਾਰ ਰਿਹਾ। ਸਾਡੇ ਨਵੇਂ ਗ੍ਰੈਂਡ ਮਾਸਟਰ ਨੂੰ ਵਧਾਈ। ਹੁਣ ਅਸੀਂ ਆਪਣੇ 100ਵੇਂ ਗ੍ਰੈਂਡ ਮਾਸਟਰ ਤੱਕ ਕਦੋਂ ਪਹੁੰਚਾਂਗੇ?
ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।