ਫੈੱਡ ਕੱਪ ਟੀਮ ''ਚ ਸਾਨੀਆ ਮਿਰਜ਼ਾ ਸ਼ਾਮਿਲ
Tuesday, Dec 24, 2019 - 10:12 PM (IST)

ਨਵੀਂ ਦਿੱਲੀ— ਫੈੱਡ ਕੱਪ ਦੇ ਏਸ਼ੀਆ ਓਸਨੀਆ ਜ਼ੋਨ ਗਰੁੱਪ-ਏ ਦੇ ਮੁਕਾਬਲੇ ਲਈ ਐਲਾਨੀ ਭਾਰਤੀ ਟੀਮ ਵਿਚ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨੂੰ ਸ਼ਾਮਿਲ ਕੀਤਾ ਗਿਆ ਹੈ। ਚੋਣ ਕਮੇਟੀ ਦੀ ਮੰਗਲਵਾਰ ਇਥੇ ਹੋਈ ਬੈਠਕ ਵਿਚ ਫੈੱਡ ਕੱਪ ਲਈ 6 ਮੈਂਬਰੀ ਭਾਰਤੀ ਟੀਮ ਦੀ ਚੋਣ ਕੀਤੀ ਗਈ। ਟੀਮ ਵਿਚ ਅੰਕਿਤਾ ਰੈਨਾ, ਰੀਆ ਭਾਟੀਆ, ਰੂਤੁਜਾ ਭੌਸਲੇ, ਕਰਮਨ ਕੌਰ ਥਾਂਡੀ ਅਤੇ ਸਾਨੀਆ ਮਿਰਜ਼ਾ ਨੂੰ ਸ਼ਾਮਿਲ ਕੀਤਾ ਗਿਆ ਹੈ, ਜਦਕਿ ਸੌਜੰਯਾ ਬਾਵੀਸ਼ੈੱਟੀ ਇਸ ਟੀਮ ਦੀ ਰਿਜ਼ਰਵ ਖਿਡਾਰਨ ਹੈ। ਵਿਸ਼ਾਲ ਉੱਪਲ ਨੂੰ ਟੀਮ ਦਾ ਕਪਤਾਨ ਅਤੇ ਅੰਕਿਤਾ ਭਾਂਬਰੀ ਨੂੰ ਟੀਮ ਦੀ ਕੋਚ ਬਣਾਇਆ ਗਿਆ ਹੈ। ਸਾਨੀਆ ਆਖਰੀ ਵਾਰ 2017 ਦੇ ਚਾਈਨਾ ਓਪਨ ਵਿਚ ਖੇਡੀ ਸੀ। ਉਹ ਜਣੇਪੇ ਤੋਂ ਬਾਅਦ ਛੁੱਟੀ 'ਤੇ ਸੀ।
33 ਸਾਲਾ ਸਾਨੀਆ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਜਨਵਰੀ 2020 ਵਿਚ ਹੋਬਾਰਟ ਇੰਟਰਨੈਸ਼ਨਲ ਨਾਲ ਮੁਕਾਬਲੇਬਾਜ਼ੀ ਟੈਨਿਸ ਵਿਚ ਵਾਪਸੀ ਕਰੇਗੀ। ਸਾਨੀਆ ਨੇ ਇਹ ਵੀ ਕਿਹਾ ਸੀ ਕਿ ਉਹ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਵਿਚ ਵੀ ਖੇਡੇਗੀ। ਉਹ ਯੂਕ੍ਰੇਨ ਦੀ ਨਾਦੀਆ ਕਿਚੇਨੋਕ ਦੇ ਨਾਲ ਜੋੜੀ ਬਣਾਏਗੀ, ਜੋ ਵਿਸ਼ਵ ਰੈਂਕਿੰਗ ਵਿਚ 38ਵੇਂ ਨੰਬਰ ਦੀ ਖਿਡਾਰਨ ਹੈ। ਉਹ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਵਿਚ ਅਮਰੀਕਾ ਦੇ ਰਾਜੀਵ ਰਾਮ ਨਾਲ ਜੋੜੀ ਬਣਾਏਗੀ।