ਸਾਨੀਆ-ਕਿਚਨੋਕ ਤੇ ਰਾਮਕੁਮਾਰ-ਬੋਪੰਨਾ ਐਡੀਲੇਡ 'ਚ ਅੱਗੇ ਵਧੇ

Tuesday, Jan 04, 2022 - 05:17 PM (IST)

ਸਾਨੀਆ-ਕਿਚਨੋਕ ਤੇ ਰਾਮਕੁਮਾਰ-ਬੋਪੰਨਾ ਐਡੀਲੇਡ 'ਚ ਅੱਗੇ ਵਧੇ

ਸਪੋਰਟਸ ਡੈਸਕ- ਭਾਰਤੀ ਟੈਨਿਸ ਖਿਡਾਰੀਆਂ ਲਈ ਮੰਗਲਵਾਰ ਦਾ ਦਿਨ ਚੰਗਾ ਰਿਹਾ ਤੇ ਸਾਨੀਆ ਮਿਰਜ਼ਾ ਦੇ ਇਲਾਵਾ ਰਾਮਨਾਥਨ ਤੇ ਰੋਹਨ ਬੋਪੰਨਾ ਦੀ ਜੋੜੀ ਵੀ ਇੱਥੇ ਏ. ਟੀ. ਪੀ. ਤੇ ਡਬਲਯੂ. ਟੀ. ਏ. ਟੂਰਨਾਮੈਂਟ 'ਚ ਪਹਿਲੇ ਦੌਰ ਦੇ ਮੈਚ ਜਿੱਤਣ 'ਚ ਸਫਲ ਰਹੇ। ਸਾਨੀਆ ਤੇ ਯੂਕ੍ਰੇਨ ਦੀ ਉਨ੍ਹਾਂ ਦੀ ਜੋੜੀਦਾਰ ਨਾਦੀਆ ਕਿਚਨੋਕ ਨੇ ਡਬਲਯੂ. ਟੀ. ਏ. 500 ਪ੍ਰਤੀਯੋਗਿਤਾ ਦੇ ਪਹਿਲੇ ਦੌਰ 'ਚ ਪਹਿਲਾ ਸੈਟ ਗੁਆਉਣ ਦੇ ਬਾਅਦ ਸ਼ਾਨਦਾਰ ਵਾਪਸੀ ਕਰਕੇ ਗ੍ਰੈਬੀਏਲਾ ਡਾਬ੍ਰੋਵਸਕੀ ਤੇ ਗਿਯੁਲਿਆਾ ਓਲਸੋਮ ਦੀ ਦੂਜੀ ਦਰਜਾ ਪ੍ਰਾਪਤ ਜੋੜੀ ਨੂੰ 1-6, 6-3, 10-8 ਨਾਲ ਹਰਾਇਆ।

ਇਹ ਵੀ ਪੜ੍ਹੋ : ਰੋਨਾਲਡੋ ਨੇ ਖ਼ਰੀਦਿਆ ਹਾਈ-ਟੈਕ ਆਕਸੀਜਨ ਚੈਂਬਰ, 2 ਘੰਟਿਆਂ 'ਚ ਮੈਚ ਲਈ ਦੁਬਾਰਾ ਤਿਆਰ ਹੋ ਜਾਵੇਗਾ ਖਿਡਾਰੀ

ਏ. ਟੀ. ਪੀ. 250 ਪ੍ਰਤੀਯੋਗਿਤਾ 'ਚ ਰਾਮਕੁਮਾਰ ਤੇ ਤਜਰਬੇਕਾਰ ਬੋਪੰਨਾ ਦੀ ਜੋੜੀ ਨੇ ਆਸਾਨ ਜਿੱਤ ਦਰਜ ਕੀਤੀ। ਏ. ਟੀ. ਪੀ. ਟੂਰ 'ਚ ਪਹਿਲੀ ਵਾਰ ਇਹ ਦੋਵੇਂ ਜੋੜੀ ਬਣਾ ਕੇ ਖੇਡ ਰਹੇ ਹਨ। ਬੋਪੰਨਾ ਤੇ ਰਾਮਕੁਮਾਰ ਨੇ ਪਹਿਲੇ ਦੌਰ 'ਚ ਅਮਰੀਕਾ ਦੇ ਜੇਮੀ ਸੇਰੇਟਾਨੀ ਤੇ ਬ੍ਰਾਜ਼ੀਲ ਦੇ ਫਰਨਾਂਡੋ ਰੋਮਬੋਲੀ ਨੂੰ 6-2, 6-1 ਨਾਲ ਹਰਾ ਦਿੱਤਾ। ਪ੍ਰੀ ਕੁਆਰਟਰ ਫ਼ਾਈਨਲ 'ਚ ਉਨ੍ਹਾਂ ਦਾ ਮੁਕਾਬਲਾ ਅਮਰੀਕਾ ਦੇ ਨਾਥਨੀਲ ਲੈਮਨਸ ਤੇ ਜੈਕਸਨ ਵਿੰਥ੍ਰੋ ਨਾਲ ਹੋਵੇਗਾ।

ਇਹ ਵੀ ਪੜ੍ਹੋ : ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਰਾਮਕੁਮਾਰ ਨੇ ਬਾਅਦ 'ਚ ਕਿਹਾ ਕਿ ਸਾਡਾ ਮੈਚ ਚੰਗਾ ਸੀ। ਅਸੀਂ ਦੋਵਾਂ ਨੇ ਚੰਗੀ ਸਰਵਿਸ ਕੀਤੀ ਤੇ ਚੰਗੇ ਰਿਟਰਨ ਦਿੱਤੇ। ਅਸੀਂ ਚੰਗਾ ਤਾਲਮੇਲ ਸਥਾਪਿਤ ਕੀਤਾ ਤੇ ਰਣਨੀਤੀ 'ਤੇ ਕਾਇਮ ਰਹੇ। ਮੈਨੂੰ ਬੋਪੰਨਾ ਦੇ ਨਾਲ ਖੇਡ ਕੇ ਹਮੇਸ਼ਾ ਖ਼ੁਸ਼ੀ ਹੁੰਦੀ ਹੈ ਜੋ ਕਿ ਬੇਹੱਦ ਤਜਰਬੇਕਾਰ ਖਿਡਾਰੀ ਹਨ। ਰਾਮਕੁਮਾਰ ਨੂੰ ਸਿੰਗਲ ਕੁਆਲੀਫਾਇਰਸ 'ਚ ਡੈਨਮਾਰਕ ਦੇ ਹੋਲਗਰ ਰੂ ਤੋਂ 4-6, 6-7 (7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਐਡੀਲੇਡ 'ਚ ਖੇਡੀ ਜਾ ਰਹੀ ਪ੍ਰਤੀਯੋਗਿਤਾਵਾਂ ਤੋਂ ਖਿਡਾਰੀ ਆਸਟਰੇਲੀਆਈ ਓਪਨ ਦੀ ਤਿਆਰੀਆਂ ਕਰ ਰਹੇ ਹਨ। ਸਾਲ ਦਾ ਪਹਿਲਾ ਗ੍ਰੈਂਡ ਸਲੈਮ 17 ਜਨਵਰੀ ਤੋਂ ਮੈਲਬੋਰਨ 'ਚ ਸ਼ੁਰੂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News