ਆਸਟ੍ਰੇਲੀਆ ਖਿਲਾਫ ਸੀਰੀਜ਼ ਲਈ ਸਮਿਤ ਦ੍ਰਾਵਿੜ ਭਾਰਤ ਦੀ ਅੰਡਰ-19 ਟੀਮ ''ਚ ਸ਼ਾਮਲ
Saturday, Aug 31, 2024 - 01:12 PM (IST)
ਨਵੀਂ ਦਿੱਲੀ- ਸਾਬਕਾ ਭਾਰਤੀ ਕਪਤਾਨ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਦ੍ਰਾਵਿੜ ਨੂੰ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਆਗਾਮੀ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਪੁਡੂਚੇਰੀ ਵਿੱਚ 21, 23 ਅਤੇ 26 ਸਤੰਬਰ ਨੂੰ ਹੋਵੇਗੀ ਜਿਸ ਵਿੱਚ ਭਾਰਤੀ ਟੀਮ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਮੁਹੰਮਦ ਅਮਾਨ ਕਰਨਗੇ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਚੇਨਈ 'ਚ ਦੋ ਚਾਰ ਦਿਨਾ ਮੈਚ ਖੇਡੇ ਜਾਣਗੇ। ਪਹਿਲਾ ਮੈਚ 30 ਸਤੰਬਰ ਤੋਂ ਸ਼ੁਰੂ ਹੋਵੇਗਾ ਜਦਕਿ ਦੂਜਾ ਮੈਚ 7 ਅਕਤੂਬਰ ਤੋਂ ਸ਼ੁਰੂ ਹੋਵੇਗਾ। ਇਨ੍ਹਾਂ ਦੋਵਾਂ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਮੱਧ ਪ੍ਰਦੇਸ਼ ਦੇ ਸੋਹਮ ਪਟਵਰਧਨ ਕਰਨਗੇ।
ਆਲਰਾਊਂਡਰ ਸਮਿਤ ਇਸ ਸਮੇਂ ਬੈਂਗਲੁਰੂ ਵਿੱਚ ਚੱਲ ਰਹੀ ਕੇਐੱਸਸੀਏ ਮਹਾਰਾਜਾ ਟੀ20 ਟਰਾਫੀ ਵਿੱਚ ਮੈਸੂਰ ਵਾਰੀਅਰਜ਼ ਲਈ ਖੇਡ ਰਿਹਾ ਹੈ। ਸਮਿਤ ਇਸ ਟੂਰਨਾਮੈਂਟ 'ਚ ਹੁਣ ਤੱਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਉਨ੍ਹਾਂ ਨੇ ਸੱਤ ਪਾਰੀਆਂ ਵਿੱਚ 82 ਦੌੜਾਂ ਬਣਾਈਆਂ ਹਨ ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 33 ਦੌੜਾਂ ਹੈ। ਉਨ੍ਹਾਂ ਨੂੰ ਅਜੇ ਤੱਕ ਟੂਰਨਾਮੈਂਟ 'ਚ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਸਮਿਤ ਨੇ ਹਾਲਾਂਕਿ ਇਸ ਸਾਲ ਦੀ ਸ਼ੁਰੂਆਤ 'ਚ ਕੂਚ ਬਿਹਾਰ ਟਰਾਫੀ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਪਹਿਲੀ ਵਾਰ ਕਰਨਾਟਕ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ 18 ਸਾਲਾ ਖਿਡਾਰੀ ਨੇ ਅੱਠ ਮੈਚਾਂ ਵਿੱਚ 362 ਦੌੜਾਂ ਬਣਾਈਆਂ ਅਤੇ ਜੰਮੂ-ਕਸ਼ਮੀਰ ਖ਼ਿਲਾਫ਼ 98 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟੂਰਨਾਮੈਂਟ 'ਚ 16 ਵਿਕਟਾਂ ਲਈਆਂ ਸਨ। ਇਨ੍ਹਾਂ ਵਿੱਚ ਮੁੰਬਈ ਖ਼ਿਲਾਫ਼ ਫਾਈਨਲ ਵਿੱਚ ਲਈਆਂ ਗਈਆਂ ਦੋ ਵਿਕਟਾਂ ਵੀ ਸ਼ਾਮਲ ਹਨ।
ਵਨਡੇ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ : ਰੁਦਰ ਪਟੇਲ, ਸਾਹਿਲ ਪਾਰਖ, ਕਾਰਤਿਕੇਯ ਕੇਪੀ, ਮੁਹੰਮਦ ਅਮਾਨ (ਕਪਤਾਨ), ਕਿਰਨ ਚੋਰਮਾਲੇ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਾਲੀਆ (ਵਿਕਟਕੀਪਰ), ਸਮਿਤ ਦ੍ਰਾਵਿੜ, ਯੁਧਾਜੀਤ ਗੁਹਾ, ਸਮਰਥ ਐੱਨ., ਨਿਖਿਲ ਕੁਮਾਰ, ਚੇਤਨ ਸ਼ਰਮਾ, ਹਾਰਦਿਕ ਰਾਜ, ਰੋਹਿਤ ਰਾਜਾਵਤ, ਮੁਹੰਮਦ ਐਨਾਨ।
ਚਾਰ ਦਿਨਾ ਸੀਰੀਜ਼ ਲਈ ਭਾਰਤ ਦੀ ਅੰਡਰ-19 ਟੀਮ: ਵੈਭਵ ਸੂਰਿਆਵੰਸ਼ੀ, ਨਿਤਿਆ ਪੰਡਯਾ, ਵਿਹਾਨ ਮਲਹੋਤਰਾ, ਸੋਹਮ ਪਟਵਰਧਨ (ਕਪਤਾਨ), ਕਾਰਤਿਕੇਯ ਕੇਪੀ, ਸਮਿਤ ਦ੍ਰਾਵਿੜ, ਅਭਿਗਿਆਨ ਕੁੰਡੂ (ਵਿਕਟਕੀਪਰ), ਹਰਵੰਸ਼ ਸਿੰਘ ਪੰਗਲੀਆ (ਵਿਕਟਕੀਪਰ), ਚੇਤਨ ਸ਼ਰਮਾ, ਸਮਰਥ ਐੱਨ, ਆਦਿਤਿਆ ਰਾਵਤ, ਨਿਖਿਲ ਕੁਮਾਰ, ਅਨਮੋਲਜੀਤ ਸਿੰਘ, ਆਦਿਤਿਆ ਸਿੰਘ, ਮੁਹੰਮਦ ਐਨਾਨ।