ਸੈਮ ਕਵੇਰੀ ਨੇ ਯੂ. ਐਸ. ਓਪਨ ਦੇ ਪਹਿਲੇ ਦੌਰ ਵਿੱਚ ਹਾਰ ਤੋਂ ਬਾਅਦ ਟੈਨਿਸ ਨੂੰ ਕਿਹਾ ਅਲਵਿਦਾ
Thursday, Sep 01, 2022 - 02:57 PM (IST)
ਨਿਊਯਾਰਕ— ਕਦੀ ਨੋਵਾਕ ਜੋਕੋਵਿਚ, ਐਂਡੀ ਮਰੇ ਅਤੇ ਰਾਫੇਲ ਨਡਾਲ 'ਤੇ ਵੱਡੀਆਂ ਜਿੱਤਾਂ ਦਰਜ ਕਰਨ ਵਾਲੇ ਅਮਰੀਕਾ ਦੇ ਸੈਮ ਕਵੇਰੀ ਨੇ ਅਮਰੀਕੀ ਓਪਨ ਦੇ ਪਹਿਲੇ ਦੌਰ 'ਚ ਹਾਰਨ ਦੇ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਿਆ। ਕੈਲੀਫੋਰਨੀਆ ਦੇ ਰਹਿਣ ਵਾਲੇ ਕਵੇਰੀ ਨੇ ਮੰਗਲਵਾਰ ਰਾਤ ਬੇਲਾਰੂਸ ਦੇ ਇਲਿਆ ਇਵਾਸ਼ਕਾ ਖਿਲਾਫ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ, ਜਿਸ 'ਚ ਉਨ੍ਹਾਂ ਨੂੰ 4-6, 6-4, 7-6 (8), 6-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕਵੇਰੀ ਦੀ ਆਪਣੇ ਕਰੀਅਰ ਦੀ ਸਰਵਉੱਚ ਰੈਂਕਿੰਗ 11 ਰਹੀ। ਉਸ ਨੇ 2017 ਵਿੱਚ ਵਿੰਬਲਡਨ ਵਿੱਚ ਉਸ ਸਮੇਂ ਦੇ ਨੰਬਰ ਇੱਕ ਖਿਡਾਰੀ ਐਂਡੀ ਮਰੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਇਸ ਤੋਂ ਇਕ ਸਾਲ ਪਹਿਲਾਂ ਉਹ ਨੰਬਰ ਇਕ ਜੋਕੋਵਿਚ ਨੂੰ ਹਰਾ ਕੇ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚਿਆ ਸੀ।
ਇਸ ਤੋਂ ਇਲਾਵਾ ਉਸਨੇ 2019 ਵਿੱਚ ਵਿੰਬਲਡਨ ਅਤੇ 2017 ਵਿੱਚ ਯੂ. ਐਸ. ਓਪਨ ਦੇ ਕੁਆਰਟਰ ਫਾਈਨਲ ਵਿੱਚ ਵੀ ਜਗ੍ਹਾ ਬਣਾਈ ਸੀ। ਕਵੇਰੀ ਨੇ ਕਿਹਾ, ‘ਮੈਂ ਇਸ ਨੂੰ ਧਿਆਨ ਵਿੱਚ ਰੱਖ ਕੇ ਹੀ ਯੂ. ਐਸ. ਓਪਨ ਵਿੱਚ ਹਿੱਸਾ ਲਿਆ ਸੀ। ਅਤੇ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਹਾਂ। ਪਿਛਲੇ ਛੇ ਹਫ਼ਤੇ ਬਹੁਤ ਚੰਗੇ ਰਹੇ ਹਨ।'
