ਟੋਕੀਓ ''ਚ ਬਦਲਾਂਗੀ ਓਲੰਪਿਕ ਤਮਗੇ ਦਾ ਰੰਗ : ਸਾਕਸ਼ੀ
Tuesday, Jul 30, 2019 - 03:57 PM (IST)

ਨਵੀਂ ਦਿੱਲੀ— ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤ ਕੇ ਨਵਾਂ ਇਤਿਹਾਸ ਰਚਣ ਵਾਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣੇ ਜਾਪਾਨ ਦੇ ਸਪੋਰਟਸ ਪਰਫਾਰਮੈਂਸ ਬ੍ਰਾਂਡ ਐਸਿਕਸ ਦਾ ਬ੍ਰਾਂਡ ਅੰਬੈਸਡਰ ਬਣਨ ਦੇ ਬਾਅਦ ਮੰਗਲਵਾਰ ਨੂੰ ਮੀਡੀਆ ਅੱਗੇ ਇਕ ਬਿਆਨ ਦਿੱਤਾ। ਉਨ੍ਹਾਂ ਕਿਹਾ, ''ਮੈਨੂੰ ਪਹਿਲਾਂ ਕਜ਼ਾਖਸਤਾਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਹਿਸਾ ਲੈਣਾ ਹੈ ਅਤੇ ਮੈਂ ਇਸੇ ਚੈਂਪੀਅਨਸ਼ਿਪ ਤੋਂ ਓਲੰਪਿਕ ਕੁਆਲੀਫਾਈ ਕਰਨਾ ਚਾਹਾਂਗੀ। ਇਸ ਤੋਂ ਬਾਅਦ ਮੇਰੇ ਕੋਲ ਪੂਰੇ ਇਕ ਵਰ੍ਹੇ ਦਾ ਸਮਾਂ ਆਪਣੀ ਤਿਆਰੀ ਲਈ ਰਹੇਗਾ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਟੋਕੀਓ 'ਚ ਵੀ ਤਮਗਾ ਜਿੱਤਾਂਗੀ ਅਤੇ ਤਮਗੇ ਦਾ ਰੰਗ ਵੀ ਬਦਲਾਂਗੀ।''
2016 ਦੇ ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤ ਕੇ ਓਲੰਪਿਕ 'ਚ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸਾਕਸ਼ੀ ਨੇ ਕਿਹਾ, ''ਮੈਂ ਆਪਣੇ ਖੇਡ ਅਤੇ ਕਮੀਆਂ 'ਤੇ ਮਜ਼ਬੂਤੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਇਸ ਗੱਲ 'ਤੇ ਪੂਰਾ ਧਿਆਨ ਦੇ ਰਹੀ ਹਾਂ ਕਿ ਮੈਂ ਬੀਤੇ ਸਮੇਂ 'ਚ ਕਿਹੜੀਆਂ ਗਲਤੀਆਂ ਕੀਤੀਆਂ ਸਨ ਅਤੇ ਕਿਵੇਂ ਮੁਕਾਬਲੇ ਹਾਰ ਜਾਂਦੀ ਸੀ। ਦਰਅਸਲ ਮੇਰਾ ਖੇਡ ਹਮਲਾਵਰ ਰਣਨੀਤੀ 'ਤੇ ਟਿੱਕਿਆ ਹੋਇਆ ਹੈ ਪਰ ਪਿਛਲੇ ਕੁਝ ਸਮੇਂ 'ਚ ਮੈਂ ਇਹ ਗਲਤੀ ਕੀਤੀ ਸੀ ਕਿ ਬੜ੍ਹਤ ਬਣਾਉਣ ਦੇ ਬਾਅਦ ਮੈਂ ਰੱਖਿਆਤਮਕ ਹੋ ਜਾਂਦੀ ਸੀ ਅਤੇ ਅਖੀਰ 'ਚ ਅੰਕ ਦੇ ਬਹਿੰਦੀ ਸੀ।