ਸਾਇਨਾ ਡੈਨਮਾਰਕ ਓਪਨ ਦੇ ਫਾਈਨਲ ''ਚ, ਚੈਂਪੀਅਨ ਸ਼੍ਰੀਕਾਂਤ ਹਾਰੇ

Saturday, Oct 20, 2018 - 07:46 PM (IST)

ਸਾਇਨਾ ਡੈਨਮਾਰਕ ਓਪਨ ਦੇ ਫਾਈਨਲ ''ਚ, ਚੈਂਪੀਅਨ ਸ਼੍ਰੀਕਾਂਤ ਹਾਰੇ

ਓਡੇਂਸੇ : ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਚਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਅਤੇ ਉਹ ਇਸ ਖਿਤਾਬ ਨੂੰ ਦੂਜੀ ਵਾਰ ਜਿੱਤਣ ਤੋਂ ਇਕ ਕਦਮ ਦੂਰ ਰਹਿ ਗਈ ਹੈ, ਜਦਕਿ ਸਾਬਕਾ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਨੂੰ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿਚ 19ਵੇਂ ਰੈਂਕ ਦੀ ਇੰਡੋਨੇਸ਼ੀਆ ਦੀ ਖਿਡਾਰਨ ਗ੍ਰੇਗੋਰੀਆ ਮਾਰਿਸਕਾ ਤੁਨਜੁੰਗ ਨੂੰ ਇਕ ਪਾਸੜ ਅੰਦਾਜ਼ 'ਚ ਲਗਾਤਾਰ ਸੈੱਟਾਂ ਵਿਚ 30 ਮਿੰਟਾਂ 'ਚ 21-11, 21-12 ਨਾਲ ਹਰਾਇਆ। ਇੱਥੇ 2012 ਵਿਚ ਚੈਂਪੀਅਨ ਰਹਿ ਚੁੱਕੀ ਸਾਇਨਾ ਦਾ ਫਾਈਨਲ 'ਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈਪੇ ਦੀ ਤੇਈ ਜੂ ਯਿੰਗ ਦੇ ਨਾਲ ਮੁਕਾਬਲਾ ਹੋਵੇਗਾ। ਸਾਇਨਾ ਦਾ ਯਿੰਗ ਖਿਲਾਫ 5-12 ਦਾ ਕਰੀਅਰ ਰਿਕਾਰਡ ਹੈ। ਸਾਇਨਾ ਨੇ ਨਵੰਬਰ 2014 ਤੋਂ ਹੁਣ ਤੱਕ ਯਿੰਗ ਨਾਲ ਆਪਣੇ ਪਿਛਲੇ 10 ਮੁਕਾਬਲੇ ਗੁਆਏ ਹਨ।

PunjabKesari

ਭਾਰਤੀ ਖਿਡਾਰਨ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 8ਵੀਂ ਸੀਡ ਜਾਪਾਨ ਦੀ ਨੋਜੋਮੀ ਓਕੁਹਾਰਾ ਨੂੰ 58 ਮਿੰਟ ਤੱਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਦੌਰਾਨ 17-21, 21-16, 21-12 ਨਾਲ ਹਰਾਇਆ ਸੀ। ਵਿਸ਼ਵ ਦੀ 10ਵੇਂ ਰੈਂਕ ਦੀ ਖਿਡਾਰਨ ਸਾਇਨਾ ਨੇ ਆਪਣਾ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਹਾਸਲ ਕਰ ਲਈ। ਇਸ ਜਿੱਤ ਨਾਲ ਸਾਇਨਾ ਦਾ 7ਵੀਂ ਰੈਂਕ ਦੀ ਓਕੁਹਾਰਾ ਖਿਲਾਫ 7-4 ਦਾ ਕਰੀਅਰ ਰਿਕਾਰਡ ਹੋ ਗਿਆ ਹੈ। ਆਪਣੇ ਪਿਛਲੇ ਮੈਚ ਵਿਚ 2 ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣ ਵਾਲੇ ਸ਼੍ਰੀਕਾਂਤ ਨੂੰ ਕੁਆਰਟਰ-ਫਾਈਨਲ ਵਿਚ ਹਮਵਤਨ ਸਮੀਰ ਦੀ ਸਖਤ ਚੁਣੌਤੀ 'ਤੇ 22-20, 19-21, 23-21 ਨਾਲ ਕਾਬੂ ਕਰਨ ਲਈ ਕਾਫੀ ਪਸੀਨਾ ਵਹਾਉਣਾ ਪਿਆ ਪਰ 7ਵੀਂ ਸੀਡ ਸ਼੍ਰੀਕਾਂਤ ਨੂੰ ਸੈਮੀਫਾਈਨਲ ਵਿਚ ਵਿਸ਼ਵ ਦੇ ਨੰਬਰ ਕਿ ਖਿਡਾਰੀ ਅਤੇ ਦੂਜੀ ਸੀਡ ਜਾਪਾਨ ਦੇ ਕੇਂਤੋ ਮੋਮੋਤਾ ਨਾਲ 42 ਮਿੰਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਮੋਮੋਤਾ ਨੇ ਇਹ ਮੁਕਾਬਲਾ 21-16, 21-12 ਨਾਲ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਇਸ ਵਿਚਾਲੇ ਮਹਿਲਾ ਡਬਲਜ਼ ਵਿਚ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਦੀ ਜੋੜੀ ਨੂੰ ਕੁਆਰਟਰ-ਫਾਈਨਲ ਵਿਚ ਚੋਟੀ ਸੀਡ ਜਾਪਾਨੀ ਜੋੜੀ ਯੁਕੀ ਫੁਕੁਸ਼ਿਮਾ ਅਤੇ ਸਯਾਕਾ ਹਿਰੋਤਾ ਨੇ 36 ਮਿੰਟਾਂ ਵਿਚ 21-14, 21-12 ਨਾਲ ਹਰਾ ਦਿੱਤਾ।


Related News