ਸਾਇਨਾ ਸਾਹਮਣੇ ਨੰਬਰ-1 ਦੀ ਚੁਣੌਤੀ, ਸਿੰਧੂ ਦਾ ਰਸਤਾ ਆਸਾਨ

03/13/2018 11:35:52 PM

ਬਰਮਿੰਘਮ— ਸਾਬਕਾ ਨੰਬਰ ਇਕ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਨੂੰ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਹੀ ਰਾਊਂਡ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈਪੇ ਦੀ ਤੇਈ ਜੂ ਯਿੰਗ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਜਦਕਿ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਦਾ ਸ਼ੁਰੂਆਤੀ ਰਸਤਾ ਆਸਾਨ ਹੈ। ਸਾਲ 2015 'ਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਸਾਇਨਾ ਵਿਸ਼ਵ ਰੈਂਕਿੰਗ ਵਿਚ ਇਸ ਸਮੇਂ 11ਵੇਂ ਨੰਬਰ 'ਤੇ ਹੈ। ਸਾਇਨਾ ਨੂੰ ਸਾਬਕਾ ਚੈਂਪੀਅਨ ਜੂ ਯਿੰਗ ਦੀ ਚੁਣੌਤੀ ਤੋਂ ਪਹਿਲਾਂ ਪਾਰ ਪਾਉਣਾ ਪਵੇਗਾ। ਸਾਇਨਾ ਦਾ ਤਾਈਪੇ ਦੀ ਧਾਕੜ ਖਿਡਾਰਨ ਵਿਰੁੱਧ 5-9 ਦਾ ਕਰੀਅਰ ਰਿਕਾਰਡ ਹੈ।
ਦੂਜੇ ਪਾਸੇ ਚੌਥਾ ਦਰਜਾ ਪ੍ਰਾਪਤ ਸਿੰਧੂ ਸਾਹਮਣੇ ਪਹਿਲੇ ਰਾਊਂਡ ਵਿਚ ਥਾਈਲੈਂਡ ਦੀ ਪੋਰਨਪਾਵੀ ਚੋਕੂਵਾਂਗ ਦੀ ਚੁਣੌਤੀ ਹੋਵੇਗੀ। ਭਾਰਤ ਨੂੰ 2001 ਤੋਂ ਬਾਅਦ ਆਪਣੇ ਪਹਿਲੇ ਆਲ ਇੰਗਲੈਂਡ ਖਿਤਾਬ ਦੀ ਭਾਲ ਹੈ।

 


Related News