ਸਾਇਨਾ ਤੇ ਸ਼੍ਰੀਕਾਂਤ ਕੁਆਰਟਰ ਫਾਈਨਲ ''ਚ, ਕਸ਼ਯਪ ਬਾਹਰ
Thursday, Jan 17, 2019 - 07:06 PM (IST)

ਕੁਆਲਾਲੰਪੁਰ— ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਤੇ ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਕੁਆਲੀਫਾਇਰ ਪੀ. ਕਸ਼ਯਪ ਨੂੰ ਦੂਜੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਨੇ ਮਹਿਲਾ ਸਿੰਗਲਜ਼ ਦੇ ਦੂਜੇ ੌਦੌਰ ਦੇ ਮੁਕਾਬਲੇ ਵਿਚ ਹਾਂਗਕਾਂਗ ਦੀ ਯਿਪ ਪੂਈ ਯਿਨ ਨੂੰ 39 ਮਿੰਟ ਵਿਚ 21-14, 21-16 ਨਾਲ ਜਦਕਿ ਪੁਰਸ਼ ਸਿੰਗਲਜ਼ ਵਿਚ ਸੱਤਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਵੋਂਗ ਵਿੰਗ ਕੀ ਵਿਨਸੇਂਟ ਨੂੰ ਇਕ ਘੰਟਾ ਚਾਰ ਮਿੰਟ ਦੇ ਸਖਤ ਸੰਘਰਸ਼ ਵਿਚ 23-21, 8-21, 21-18 ਨਾਲ ਹਰਾਇਆ।
ਕਸ਼ਯਪ ਦਾ ਦੂਜੇ ਦੌਰ ਵਿਚ ਛੇਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥੋਨੀ ਗਿੰਟਿੰਗ ਨਾਲ ਮੁਕਾਬਲਾ ਹੋਇਆ ਤੇ ਭਾਰਤੀ ਖਿਡਾਰੀ ਨੂੰ 53 ਮਿੰਟ ਦੇ ਸੰਘਰਸ਼ ਵਿਚ 17-21, 23-25 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਜੋੜੀ ਮਹਿਲਾ ਡਬਲਜ਼ ਦੇ ਦੂਜੇ ਦੌਰ ਵਿਚ ਹਾਰ ਗਈ।