ਸਾਗਰ ਧਨਖੜ ਕਤਲਕਾਂਡ ਦੇ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ ਖ਼ਾਰਜ
Wednesday, Oct 06, 2021 - 12:50 PM (IST)
ਸਪੋਰਟਸ ਡੈਸਕ- ਦਿੱਲੀ ਦੀ ਰੋਹਿਣੀ ਕੋਰਟ ਛੱਤਰਸਾਲ ਸਟੇਡੀਅਮ 'ਚ ਪਹਿਲਵਾਨ ਸਾਗਰ ਧਨਖੜ ਕਤਲਕਾਂਡ ਮਾਮਲੇ 'ਚ ਦੋਸ਼ੀ ਓਲੰਪਿਕ ਤਮਗ਼ਾ ਜੇਤੂ ਸੁਸ਼ੀਲ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਫ਼ੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਸੁਸ਼ੀਲ ਕੁਮਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਉਸ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਰੋਹਿਣੀ ਕੋਰਟ ਨੇ ਜ਼ਮਾਨਤ ਪਟੀਸ਼ਨ ਖ਼ਾਰਜ ਕਰਦੇ ਹੋਏ ਕਿਹਾ ਕਿ ਅਜੇ ਮਾਮਲੇ ਦੀ ਜਾਂਚ ਚਲ ਰਹੀ ਹੈ। ਲਿਹਾਜ਼ਾ ਜ਼ਮਾਨਤ ਦੇਣਾ ਸਹੀ ਨਹੀਂ ਹੈ।
ਐਡੀਸ਼ਨ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਦੋਵਾਂ ਪੱਖਾਂ ਨੂੰ ਸੁਣਨ ਦੇ ਬਾਅਦ ਫ਼ੈਸਲਾ ਸੁਰੱਖਿਅਤ ਰਖ ਲਿਆ ਹੈ। ਸੁਸ਼ੀਲ ਕੁਮਾਰ ਨੇ ਅਦਾਲਤ ਤੋਂ ਰਾਹਤ ਦੀ ਮੰਗ ਕਰਦੇ ਹੋਏ ਕਿਹਾ ਕਿ ਪੁਲਸ ਨੇ ਉਸ ਦੇ ਖ਼ਿਲਾਫ਼ ਝੂਠਾ ਮਾਮਲਾ ਬਣਾਇਆ ਤੇ ਉਸ ਦਾ ਅਕਸ ‘ਦੋਸ਼ੀ’ ਦੇ ਰੂਪ 'ਚ ਪੇਸ਼ ਕੀਤਾ।
ਸਾਗਰ ਧਨਖੜ ਦੀ ਕੁੱਟਮਾਰ ਦੇ ਬਾਅਦ ਹੋਈ ਸੀ ਮੌਤ
38 ਸਾਲਾ ਪਹਿਲਵਾਨ ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 2 ਜੂਨ 2021 ਤੋਂ ਜੇਲ 'ਚ ਬੰਦ ਹੈ। ਸੁਸ਼ੀਲ ਕੁਮਾਰ 'ਤੇ ਦੋਸ਼ ਹੈ ਕਿ ਉਸ ਨੇ ਹੋਰਨਾਂ ਲੋਕਾਂ ਦੇ ਨਾਲ ਕਥਿਤ ਸੰਪਤੀ ਵਿਵਾਦ ਨੂੰ ਲੈ ਕੇ ਮਈ 'ਚ ਸਾਬਕਾ ਜੂਨੀਅਰ ਕੁਸ਼ਤੀ ਚੈਂਪੀਅਨ ਸਾਗਰ ਧਨਖੜ ਤੇ ਉਸ ਦੇ ਦੋਸਤਾਂ ਦੇ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਸੀ। ਬਾਅਦ 'ਚ ਬੁਰੀ ਤਰ੍ਹਾਂ ਜ਼ਖ਼ਮੀ ਸਾਗਰ ਧਨਖੜ ਨੇ ਦਮ ਤੋੜ ਦਿੱਤਾ ਸੀ।