ਬ੍ਰਿਟੇਨ 'ਚ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਨੇ ਉਠਾਈ ਸਚਿਨ-ਕਪਿਲ ਦੇ ਹੱਕ 'ਚ ਆਵਾਜ਼
Thursday, Mar 14, 2019 - 10:33 AM (IST)

ਨਵੀਂ ਦਿੱਲੀ— ਜਦੋਂ ਆਸਟਰੇਲੀਆ ਦੇ ਡਾਨ ਬ੍ਰੈਡਮੈਨ ਅਤੇ ਨਿਊਜ਼ੀਲੈਂਡ ਦੇ ਰਿਚਰਡ ਹੈਡਲੀ ਨੂੰ 'ਨਾਈਟਵੁੱਡ' ਨਾਲ ਸਨਮਾਨਤ ਕੀਤਾ ਜਾ ਸਕਦਾ ਹੈ ਤਾਂ ਫਿਰ ਪਾਕਿਸਤਾਨ, ਭਾਰਤ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰਾਂ ਨੂੰ ਇਸ ਸਨਮਾਨ ਤੋਂ ਵਾਂਝਿਆਂ ਕਿਉਂ ਰੱਖਿਆ ਗਿਆ ਹੈ। ਭਾਰਤ ਦੇ ਕਪਿਲ ਦੇਵ ਅਤੇ ਸਚਿਨ ਤੇਂਦੁਲਕਰ, ਪਾਕਿਸਤਾਨ ਦੇ ਇਮਰਾਨ ਖਾਨ ਅਤੇ ਵਸੀਮ ਅਕਰਮ, ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ, ਦੱਖਣੀ ਅਫੀਕਾ ਦੇ ਜੈਕ ਕੈਲਿਸ ਜਿਹੇ ਮਹਾਨ ਕ੍ਰਿਕਟਰਾਂ ਨੂੰ ਇਹ ਸਨਮਾਨ ਕਿਉਂ ਨਹੀਂ ਮਿਲਿਆ। ਬ੍ਰਿਟੇਨ ਦੀ ਪਾਰਲੀਮੈਂਟ 'ਚ ਇਹ ਮੰਗ 'ਕਾਮਨਵੈਲਥ ਡੇ' 'ਤੇ ਪਾਕਿਸਤਾਨੀ ਮੂਲ ਦੇ ਸੰਸਦ ਮੈਂਬਰ ਰਹਿਮਾਨ ਚਿਸ਼ਤੀ ਵੱਲੋਂ ਕੀਤੀ ਗਈ। ਇਸ ਮੌਕੇ 'ਤੇ ਵੈਸਟਮਿੰਸਟਰ ਐਬੀ 'ਚ 'ਕਾਮਨਵੈਲਥ ਡੇ ਸਰਵਿਸ' ਦਾ ਵੀ ਆਯੋਜਨ ਕੀਤਾ ਗਿਆ ਜਿਸ 'ਚ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਮੌਜੂਦ ਰਹੀ।
ਕੇਂਟ ਦੀ 'ਗਿਲਿੰਗਮ ਐਂਡ ਰੇਨਹੈਮ' ਸੀਟ ਤੋਂ ਚੁਣ ਕੇ ਬ੍ਰਿਟਿਸ਼ ਸੰਸਦ 'ਚ ਪਹੁੰਚੇ ਰਹਿਮਾਨ ਚਿਸ਼ਤੀ ਨੇ ਇਹ ਮੁੱਦਾ ਉਦੋਂ ਉਠਾਇਆ ਜਦੋਂ ਉੱਥੋਂ ਦੀ ਵਿਦੇਸ਼ ਮੰਤਰੀ ਹੈਰੀਏਟ ਬਾਲਡਵਿਨ ਨੇ ਕ੍ਰਿਕਟ ਨੂੰ ਸਾਰੇ ਕਾਮਨਵੈਲਥ ਦੇਸ਼ਾਂ ਵਿਚਾਲੇ ਜੁੜਾਅ ਦਾ ਇਕ ਜ਼ਰੀਆ ਦੱਸਿਆ। ਰਹਿਮਾਨ ਚਿਸ਼ਤੀ ਨੇ ਉਪ ਮਹਾਦੀਪ ਦੇ ਕ੍ਰਿਕਟਰਾਂ ਨੂੰ 'ਨਾਈਟਵੁੱਡ' ਨਾਲ ਸਨਮਾਨਤ ਨਾ ਕੀਤੇ ਜਾਣ ਨੂੰ ਵਿਤਕਰਾ ਦੱਸਿਆ। ਰਹਿਮਾਨ ਚਿਸ਼ਤੀ ਦੀ ਇਸ ਮੰਗ 'ਤੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਹੈਰੀਏਟ ਬਾਲਡਵਿਨ ਨੇ ਹਾਂ ਪੱਖੀ ਪ੍ਰਤੀਕਿਰਿਆ ਦਿੱਤੀ ਅਤੇ ਹੋਰਨਾਂ ਸੰਸਦ ਮੈਂਬਰਾਂ ਵੱਲੋਂ ਵੀ ਉਨ੍ਹਾਂ ਨੂੰ ਸਮਰਥਨ ਪ੍ਰਾਪਤ ਹੋਇਆ।
ਜਾਣੋ ਕੀ ਹੈ ਨਾਈਟਵੁੱਡ ਸਨਮਾਨ?
ਬ੍ਰਿਟਿਸ਼ ਸਰਕਾਰ ਸਾਲ 1917 ਤੋਂ ਵੱਖ-ਵੱਖ ਖੇਤਰਾਂ 'ਚ ਆਪਣਾ ਯੋਗਦਾਨ ਦੇਣ ਵਾਲੇ ਆਪਣੇ ਨਾਗਰਿਕਾਂ ਨੂੰ ਇਹ ਸਨਮਾਨ ਦੇ ਰਹੀ ਹੈ। ਕਿੰਗ ਜਾਰਜ ਪੰਜ ਦੇ ਸਮੇਂ ਇਹ ਸਨਮਾਨ ਸਿਰਫ ਚੋਟੀ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਜਾਂ ਜੰਗ ਦੇ ਸਮੇਂ ਬਹਾਦਰੀ ਦਿਖਾਉਣ ਵਾਲੇ ਜਵਾਨਾਂ ਨੂੰ ਦਿੱਤਾ ਜਾਂਦਾ ਸੀ। ਪਰ ਬਾਅਦ 'ਚ ਇਸ ਦੇ ਪਾਤਰਤਾ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ ਅਤੇ ਵੱਖ-ਵੱਖ ਖੇਤਰਾਂ 'ਚ ਯੋਗਦਾਨ ਦੇਣ ਵਾਲੇ ਲੋਕਾਂ ਨੂੰ ਵੀ ਨਾਈਟਵੁੱਡ ਨਾਲ ਸਨਮਾਨਤ ਕੀਤਾ ਜਾਣ ਲੱਗਾ।