ਸਾਬਲੇ ਨੂੰ ਪੈਰਿਸ ਓਲੰਪਿਕ 'ਚ ਤਮਗਾ ਜਿੱਤਣ ਦਾ ਭਰੋਸਾ
Friday, Jul 12, 2024 - 05:37 PM (IST)
ਨਵੀਂ ਦਿੱਲੀ- ਭਾਰਤ ਦੇ ਚੋਟੀ ਦੇ 3000 ਮੀਟਰ ਸਟੀਪਲਚੇਜ਼ ਖਿਡਾਰੀ ਅਵਿਨਾਸ਼ ਸਾਬਲੇ ਓਲੰਪਿਕ ਵਿਚ ਸਿਰਫ ਇਕ ਪ੍ਰਤੀਯੋਗੀ ਵਜੋਂ ਨਹੀਂ ਜਾਣਾ ਚਾਹੁੰਦੇ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਪੈਰਿਸ ਵਿਚ ਤਮਗਾ ਜਿੱਤ ਸਕਦੇ ਹਨ। 29 ਸਾਲਾ ਸਾਬਲੇ ਜਿਸ ਨੇ ਹਾਲ ਹੀ ਵਿੱਚ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ ਹੈ, ਟੋਕੀਓ ਓਲੰਪਿਕ 2021 ਦੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ ਸਨ।ਉਨ੍ਹਾਂ ਨੇ ਕਿਹਾ ਕਿ “ਮੈਂ ਸਿਰਫ਼ ਹਿੱਸਾ ਲੈਣ ਨਹੀਂ ਜਾ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਮੈਂ ਮੈਡਲ ਜਿੱਤ ਸਕਦਾ ਹਾਂ। ਮੇਰਾ ਧਿਆਨ ਨਿਸ਼ਾਨੇ 'ਤੇ ਹੈ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਮੈਂ ਤਮਗਾ ਜਿੱਤ ਸਕਦਾ ਹਾਂ। ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਓਲੰਪਿਕ ਤਮਗਾ ਜੇਤੂ ਕਿਸੇ ਵਿਲੱਖਣ ਅਤੇ ਮੁਸ਼ਕਲ ਤਰੀਕੇ ਨਾਲ ਤਿਆਰੀ ਕਰਦੇ ਹਨ ਪਰ ਪਿਛਲੇ ਦੋ ਸਾਲਾਂ ਦੇ ਮੇਰੇ ਅਨੁਭਵ ਨੇ ਮੇਰਾ ਆਤਮਵਿਸ਼ਵਾਸ ਵਧਾਇਆ ਹੈ।" ਸਾਬਲੇ ਇਸ ਮਹੀਨੇ ਦੇ ਸ਼ੁਰੂ ਵਿੱਚ ਪੈਰਿਸ ਡਾਇਮੰਡ ਲੀਗ ਵਿੱਚ ਛੇਵੇਂ ਸਥਾਨ 'ਤੇ ਰਹੇ ਅਤੇ ਉਨ੍ਹਾਂ ਨੇ 8 ਮਿੰਟ 9.91 ਸਕਿੰਟ ਦਾ ਸਮਾਂ ਕੱਢ ਕੇ ਆਪਣਾ ਰਿਕਾਰਡ ਤੋੜਿਆ।
ਸਾਬਲੇ ਨੂੰ ਓਲੰਪਿਕ ਮੈਡਲ ਜਿੱਤਣ ਵਾਲੇ ਮਿਲਖਾ ਸਿੰਘ, ਸ਼੍ਰੀਰਾਮ ਸਿੰਘ ਅਤੇ ਪੀਟੀ ਊਸ਼ਾ ਵਰਗੇ ਅਥਲੀਟਾਂ ਤੋਂ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਨੇ ਕਿਹਾ, ''ਵਿਸ਼ਵ ਪੱਧਰ 'ਤੇ ਉਨ੍ਹਾਂ ਦਾ ਪ੍ਰਦਰਸ਼ਨ ਮੈਨੂੰ ਬਹੁਤ ਪ੍ਰੇਰਿਤ ਕਰਦਾ ਹੈ। ਜੇਕਰ ਮੇਰੇ ਰੋਲ ਮਾਡਲ ਵਿਸ਼ਵ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ, ਤਾਂ ਮੈਂ ਵੀ ਕਰ ਸਕਦਾ ਹਾਂ। ਮੈਨੂੰ ਆਪਣੀ ਪ੍ਰਕਿਰਿਆ 'ਤੇ ਧਿਆਨ ਕੇਂਦਰਤ ਕਰਨਾ ਸਿਖਾਇਆ ਗਿਆ ਹੈ। ਮੇਰਾ ਮੁਕਾਬਲਾ ਮੇਰੇ ਆਪਣੇ ਸਮੇਂ ਨਾਲ ਹੈ।
ਰਾਸ਼ਟਰਮੰਡਲ ਖੇਡਾਂ 2022 ਵਿੱਚ ਸਟੀਪਲਚੇਜ਼ ਵਿੱਚ ਕੀਨੀਆ ਦੇ ਖਿਡਾਰੀਆਂ ਦੇ ਦਬਦਬੇ ਨੂੰ ਤੋੜਨ ਵਾਲੇ ਸਾਬਲੇ ਨੇ ਕਿਹਾ, "ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦੇ ਤਮਗੇ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਵਿਸ਼ਵ ਦੇ ਸਰਵੋਤਮ ਖਿਡਾਰੀਆਂ ਦਾ ਸਾਹਮਣਾ ਕਰ ਸਕਦਾ ਹਾਂ।"