ਸਬਾਲੇਂਕਾ ਲਗਾਤਾਰ ਦੂਜੀ ਵਾਰ ਬਣੀ ਆਸਟ੍ਰੇਲੀਅਨ ਓਪਨ ਦੀ ਚੈਂਪੀਅਨ

Saturday, Jan 27, 2024 - 06:30 PM (IST)

ਮੈਲਬੋਰਨ, (ਭਾਸ਼ਾ)– ਆਰਿਆਨਾ ਸਬਾਲੇਂਕਾ ਨੇ ਮਹਿਲਾਵਾਂ ਦੇ ਇਕਪਾਸੜ ਫਾਈਨਲ ਵਿਚ ਝੇਂਗ ਕਿਨਵੇਨ ’ਤੇ ਸ਼ਨੀਵਾਰ ਨੂੰ ਇੱਥੇ 6-3, 6-2 ਦੀ ਜਿੱਤ ਨਾਲ ਆਸਟ੍ਰੇਲੀਅਨ ਓਪਨ ਖਿਤਾਬ ਦਾ ਬਚਾਅ ਕੀਤਾ। ਦੂਜਾ ਦਰਜਾ ਪ੍ਰਾਪਤ ਸਬਾਲੇਂਕਾ ਨੇ ਦੂਜੇ ਸੈੱਟ ਵਿਚ ਝੇਂਗ ਦੀ ਸਰਵਿਸ ਤੋੜੀ ਤੇ ਪਹਿਲਾ ਸੈੱਟ 33 ਮਿੰਟ ਵਿਚ ਆਪਣੇ ਨਾਂ ਕਰ ਲਿਆ। ਦੂਜੇ ਸੈੱਟ ਦੀ ਸ਼ੁਰੂਆਤ ਵਿਚ 12ਵਾਂ ਦਰਜਾ ਪ੍ਰਾਪਤ ਝੇਂਗ ਦੀ ਇਕ ਵਾਰ ਫਿਰ ਤੋਂ ਸਰਵਿਸ ਤੋੜਨ ਤੋਂ ਬਾਅਦ ਉਸ ਨੇ ਮੁਕਾਬਲੇ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਚੈਂਪੀਅਨ ਬਣਨ ਤੋਂ ਬਾਅਦ ਸਬਾਲੇਂਕਾ ਨੇ ਕਿਹਾ, ‘‘ਮੇਰੇ ਲਈ ਪਿਛਲੇ ਕੁਝ ਹਫਤੇ ਅਦਭੁੱਤ ਰਹੇ ਹਨ। ਇਹ ਇਕ ਅਵਿਸ਼ਵਾਸਯੋਗ ਅਹਿਸਾਸ ਹੈ।’’

ਸਬਾਲੇਂਕਾ ਦੇ ਚੈਂਪੀਅਨ ਬਣਨ ਦੇ ਰਸਤੇ ਵਿਚ ਇਸ ਮੁਕਾਬਲੇ ਵਿਚ ਅੜਿੱਕੇ ਵੀ ਆਏ। ਝੇਂਗ ਜਦੋਂ ਦੂਜੇ ਸੈੱਟ ਦੇ ਤੀਜੇ ਗੇਮ ਵਿਚ ਸਰਵਿਸ ਕਰ ਰਹੀ ਸੀ ਤਦ ਇਕ ਪ੍ਰਸ਼ੰਸਕ ਦੇ ਰੌਲਾ ਪਾਉਣ ਨਾਲ ਮੈਚ ਵਿਚ ਅੜਿੱਕਾ ਪਿਆ। ਸੁਰੱਖਿਆ ਕਰਮਚਾਰੀਆਂ ਵਲੋਂ ਉਸ ਵਿਅਕਤੀ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਵੀ ਮੈਚ ਜਾਰੀ ਰਿਹਾ। ਸਬਾਲੇਂਕਾ 40-0 ਦੀ ਬੜ੍ਹਤ ਦੇ ਨਾਲ ਸਰਵਿਸ ਕਰ ਰਹੀ ਸੀ ਤਦ ਉਸਦੇ ਕੋਲ ਤਿੰਨ ਚੈਂਪੀਅਨਸ਼ਿਪ ਅੰਕ ਸਨ। ਉਹ ਇਸ ਤੋਂ ਬਾਅਦ ਦੋ ਵਾਈਡ ਸ਼ਾਟਾਂ ਖੇਡ ਬੈਠੀ ਤੇ ਫਿਰ ਝੇਂਗ ਨੇ ਚਲਾਕੀ ਨਾਲ ਇਸ ਦਾ ਫਾਇਦਾ ਚੁੱਕਮ ਦੀ ਕੋਸ਼ਿਸ਼ ਕੀਤੀ ਪਰ ਉਹ ਖੁੰਝ ਗਈ। ਝੇਂਗ ਨੂੰ ਬ੍ਰੇਕ ਪੁਆਇੰਟ ਦਾ ਮੌਕਾ ਦੇਣ ਤੋਂ ਬਾਅਦ ਸਬਾਲੇਂਕਾ ਨੇ ਸ਼ਾਨਦਾਰ ਵਾਪਸੀ ਕੀਤੀ ਤੇ ਤਿੰਨ ਅੰਕ ਹਾਸਲ ਕੀਤੇ।

ਇਹ ਵੀ ਪੜ੍ਹੋ : ਅਨੁਰਾਧਾ ਦੇਵੀ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ISSF ਵਿਸ਼ਵ ਕੱਪ ਡੈਬਿਊ ਵਿੱਚ ਜਿੱਤਿਆ ਚਾਂਦੀ ਦਾ ਤਮਗਾ

ਪਿਛਲੇ 13 ਮਹੀਨਿਆਂ ਵਿਚ 25 ਸਾਲ ਦੀ ਇਹ ਖਿਡਾਰਨ ਆਪਣਾ ਤੀਜਾ ਗ੍ਰੈਂਡ ਸਲੈਮ ਫਾਈਨਲ ਖੇਡ ਰਹੀ ਸੀ। ਇਨ੍ਹਾਂ ਵਿਚੋਂ ਉਹ 2 ਜਿੱਤਾਂ ਦਰਜ ਕਰਨ ਵਿਚ ਸਫਲ ਰਹੀ। ਉਸ ਨੇ ਪਿਛਲੇ ਸਾਲ ਇਸ ਟੂਰਨਾਮੈਂਟ ਦੇ ਫਾਈਨਲ ਵਿਚ ਏਲੀਨਾ ਰਾਯਬਕਿਨਾ ਨੂੰ ਹਰਾਇਆ ਸੀ। ਸਬਾਲੇਂਕਾ 2012 ਤੇ 2013 ਵਿਚ ਵਿਕਟੋਰੀਆ ਅਜਾਰੇਂਕਾ ਤੋਂ ਬਾਅਦ ਲਗਾਤਾਰ ਆਸਟ੍ਰੇਲੀਅਨ ਓਪਨ ਖਿਤਾਬ ਜਿੱਤਣ ਵਾਲੀ ਪਹਿਲਾ ਮਹਿਲਾ ਹੈ। ਉਹ 2000 ਤੋਂ ਬਾਅਦ ਬਿਨਾਂ ਕੋਈ ਸੈੱਟ ਗੁਆਏ ਇੱਥੇ ਚੈਂਪੀਅਨਸ਼ਿਪ ਜਿੱਤਣ ਵਾਲੀ ਪੰਜਵੀਂ ਮਹਿਲਾ ਹੈ। ਇਸ ਸੂਚੀ ਵਿਚ ਸੇਰੇਨਾ ਵਿਲੀਅਮਸ ਵੀ ਸ਼ਾਮਲ ਹੈ।

ਚੀਨ ਦੀ 21 ਸਾਲਾ ਝੇਂਗ ਦਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ। ਉਹ ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਰੈਂਕਿੰਗ ਵਿਚ ਟਾਪ-50 ਵਿਚ ਸ਼ਾਮਲ ਵਿਰੋਧੀਆਂ ਵਿਰੁੱਧ ਖੇਡ ਰਹੀ ਸੀ। ਗ੍ਰੈਂਡ ਸਲੈਮ ਵਿਚ ਦੋਵੇਂ ਖਿਡਾਰਨਾਂ ਵਿਚਾਲੇ ਇਹ ਦੂਜਾ ਮੁਕਾਬਲਾ ਸੀ। ਸਬਾਲੇਂਕਾ ਨੇ ਪਿਛਲੇ ਸਾਲ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿਚ ਝੇਂਗ ਨੂੰ ਹਰਾ ਕੇ ਫਾਈਨਲ ਤਕ ਦਾ ਸਫਰ ਤੈਅ ਕੀਤਾ ਸੀ। ਉੱਥੇ ਹੀ, ਫਾਈਨਲ ਵਿਚ ਉਸ ਨੂੰ 19 ਸਾਲ ਦੀ ਅਮਰੀਕਾ ਦੀ ਕੋਕੋ ਗਾਫ ਹੱਥੋਂ ਹਾਰ ਦਾ ਸਾਹਮਣਾ ਕਰਨਨਾ ਪਿਆ ਸੀ। ਸਬਾਲੇਂਕਾ ਨੇ ਇੱਥੇ ਸੈਮੀਫਾਈਨਲ ਵਿਚ ਜਿੱਤ ਦੇ ਨਾਲ ਗਾਫ ਤੋਂ ਉਸ ਹਾਰ ਦਾ ਬਦਲਾ ਲੈ ਲਿਆ ਤੇ ਖਿਤਾਬੀ ਜਿੱਤ ਦੇ ਨਾਲ ਮੈਲਬੋਰਨ ਪਾਰਕ ਵਿਚ ਲਗਾਤਾਰਾ 14ਵੇਂ ਮੈਚ ਨੂੰ ਆਪਣੇ ਨਾਂ ਕਰਨ ਵਿਚ ਸਫਲ ਰਹੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News