IND vs SA 2nd ODI : ਦੱਖਣੀ ਅਫਰੀਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਲੜੀ ''ਚ ਕੀਤੀ ਬਰਾਬਰੀ

Tuesday, Dec 19, 2023 - 11:45 PM (IST)

IND vs SA 2nd ODI : ਦੱਖਣੀ ਅਫਰੀਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ, ਲੜੀ ''ਚ ਕੀਤੀ ਬਰਾਬਰੀ

ਸਪੋਰਟਸ ਡੈਸਕ- ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਵਨਡੇ ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਕੈਬਰਾ ਸਟੇਡੀਅਮ 'ਚ ਖੇਡਿਆ ਗਿਆ। ਇਸ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 'ਚ 1-1 ਦੀ ਬਰਾਬਰੀ ਕਰ ਲਈ ਹੈ। 

ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਸਾਈ ਸੁਦਰਸ਼ਨ ਅਤੇ ਕਪਤਾਨ ਕੇ.ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ 46.2 ਓਵਰਾਂ 'ਚ 211 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਭਾਰਤੀ ਬੱਲੇਬਾਜ਼ ਨਹੀਂ ਚੱਲਿਆ। ਇਸ ਟੀਚੇ ਨੂੰ ਦੱਖਣੀ ਅਫਰੀਕਾ ਨੇ ਦੋਵਾਂ ਓਪਨਰਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ 8 ਵਿਕਟਾਂ ਨਾਲ ਹਾਸਲ ਕਰ ਲਿਆ।

ਅਫਰੀਕੀ ਓਪਨਰ ਰੀਜ਼ਾ ਹੈਂਡ੍ਰਿਕਸ ਨੇ 81 ਗੇਂਦਾਂ 'ਚ 52, ਜਦਕਿ ਟੋਨੀ ਡੀ ਜ਼ਾਰਜ਼ੀ ਨੇ ਸ਼ਾਨਦਾਰ ਸੈਂਕੜਾ ਜੜਦਿਆਂ 122 ਗੇਂਦਾਂ 'ਚ 119 ਦੌੜਾਂ ਦੀ ਨਾਬਾਦ ਪਾਰੀ ਖੇਡੀ। ਰਾਸੀ ਨੇ ਵੀ 36 ਦੌੜਾਂ ਬਣਾ ਕੇ ਟੀਮ ਦੀ ਜਿੱਤ 'ਚ ਯੋਗਦਾਨ ਦਿੱਤਾ। ਭਾਰਤ ਵੱਲੋਂ ਗੇਂਦਬਾਜ਼ੀ ਕਰਦਿਆਂ ਸਿਰਫ਼ ਅਰਸ਼ਦੀਪ ਤੇ ਰਿੰਕੂ ਸਿੰਘ ਨੂੰ 1-1 ਸਫ਼ਲਤਾ ਹਾਸਲ ਹੋਈ। ਬਾਕੀ ਸਾਰੇ ਗੇਂਦਬਾਜ਼ ਖਾਲੀ ਹੱਥ ਹੀ ਰਹਿ ਗਏ। 

ਇਸ ਜਿੱਤ ਦੇ ਨਾਲ ਦੱਖਣੀ ਅਫਰੀਕਾ ਨੇ 3 ਮੈਚਾਂ ਦੀ ਲੜੀ 'ਚ 1-1 ਨਾਲ ਬਰਾਬਰੀ ਕਰ ਲਈ ਹੈ। ਲੜੀ ਦਾ ਪਹਿਲਾ ਮੈਚ ਭਾਰਤ ਨੇ 8 ਵਿਕਟਾਂ ਨਾਲ ਜਿੱਤ ਲਿਆ ਸੀ। ਹੁਣ 21 ਦਸੰਬਰ ਨੂੰ ਹੋਣ ਵਾਲਾ ਲੜੀ ਦਾ ਆਖ਼ਰੀ ਮੁਕਾਬਲਾ ਲੜੀ ਦੇ ਜੇਤੂ ਦਾ ਫੈਸਲਾ ਕਰੇਗਾ। 


author

Harpreet SIngh

Content Editor

Related News