ਅਭਿਆਸ ਲਈ 2 ਮਹੀਨੇ ਬਾਅਦ ਇਟਲੀ ਪਰਤੇ ਰੋਨਾਲਡੋ, 14 ਦਿਨ ਰਹਿਣਗੇ ਕੁਆਰੰਟਾਈਨ
Wednesday, May 06, 2020 - 11:40 AM (IST)

ਨਵੀਂ ਦਿੱਲੀ : ਯੁਵੈਂਟਸ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਕਰੀਬ 2 ਮਹੀਨੇ ਤਕ ਆਪਣੇ ਪੁਰਤਗਾਲ ਵਿਚ ਰਹਿਣ ਤੋਂ ਬਾਅਦ ਇਟਲੀ ਪਰਤ ਗਏ। 5 ਵਾਰ ਦੇ ਬੈਲੋਨ ਡਿਯੋਰ ਦੇ ਜੇਤੂ ਰੋਨਾਲਡੋ ਨਿਜੀ ਜੈਟ ਤੋਂ ਪਰਿਵਾਰ ਦੇ ਨਾਲ ਪਹੁੰਚੇ। ਉਨ੍ਹਾਂ ਨੂੰ 2 ਹਫਤੇ ਤਕ ਏਕਾਂਤਵਾਸ ਵਿਚ ਰਹਿਣਾ ਹੋਵੇਗਾ। 35 ਸਾਲਾ ਰੋਨਾਲਡੋ ਨੇ ਸਿਰੀ ਏ ਵਿਚ ਵਿਚ ਆਪਣਾ ਆਖਰੀ ਮੈਚ ਮਾਰਚ ਨੂੰ ਇੰਟਰ ਮਿਲਾਨ ਦੇ ਖਿਲਾਫ ਖੇਡਿਆ ਸੀ। ਬੰਦ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਯੁਵੈਂਟਸ ਨੇ ਮਿਲਾਨ ਨੂੰ 2-0 ਨਾਲ ਮਾਤ ਦਿੱਤੀ ਸੀ।
ਯੁਵੈਂਟਸ ਨੇ ਰੋਨਾਲਡੋ ਸਣੇ ਆਪਣੇ 10 ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਇਸ ਵਿਚ ਫੈਡਰਿਕੋ ਬਰਨਾਡੇਸਕੀ, ਜੁਆਨ ਕੁਆਡ੍ਰਾਡੋ, ਕਾਰਲੋ ਪਿੰਸੋਲਗੀਓ ਅਤੇ ਏਰੋਨ ਰੈਮਸੇ ਸ਼ਾਮਲ ਹੈ। ਇਨ੍ਹਾਂ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਵੀ ਹੋਇਆ ਹੈ। ਯੁਵੈਂਟਸ ਸੂਚੀ ਵਿਚ 63 ਅੰਕਾਂ ਦੇ ਨਾਲ ਚੋਟੀ 'ਤੇ ਹੈ। ਉਸ ਨੇ 26 ਵਿਚੋਂ 20 ਮੁਕਾਬਲੇ ਜਿੱਤੇ, 3 ਹਾਰੇ ਅਤੇ 3 ਡਰਾਅ ਰਹੇ। ਯੁਵੈਂਟਸ ਅਤੇ ਲਾਜਿਓ (62) ਵਿਚ ਇਕ ਅੰਕ ਦਾ ਫਰਕ ਹੈ। ਸਿਰੀ ਏ ਕਲੱਬਾਂ ਨੂੰ ਸੋਮਵਾਰ ਸਰਕਾਰ ਤੋਂ ਅਭਿਆਸ ਸ਼ੁਰੂ ਕਰਨ ਦੀ ਹਰੀ ਝੰਡੀ ਮਿਲ ਗਈ ਹੈ।