ਦਾਨ ਕਰਨ ’ਚ ਰੋਨਾਲਡੋ ਦਾ ਇਕ ਹੋਰ ਗੋਲ, ਦੇਸ਼ ਤੋਂ ਬਾਅਦ ਆਪਣੀ ਟੀਮ ਯੂਵੈਂਟਸ ਨੂੰ ਦਿੱਤੀ ਵੱਡੀ ਰਾਹਤ
Monday, Mar 30, 2020 - 01:48 PM (IST)

ਸਪੋਰਟਸ ਡੈਸਕ : ਸਟਾਰ ਫੁੱਟਬਾਲਰ ਕ੍ਰਿਸਿਟਆਨੋ ਰੋਨਾਲਡੋ ਪੂਰੀ ਦੁਨੀਅਆ ਵਿਚ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਨਾਲ ਲੜਨ ਲਈ ਕਈ ਤਰ੍ਹਾਂ ਨਾਲ ਮਦਦ ਕਰ ਰਹੇ ਹਨ। ਉਸ ਨੇ ਅਤੇ ਉਸਦੇ ਕਈ ਸਾਥੀਆਂ ਨੇ ਆਪਣੇ ਇਟਲੀ ਦੇ ਫੁੱਟਬਾਲ ਕਲੱਬ ਯੂਵੈਂਟਸ ਦੀ ਆਰਥਿਕ ਮਦਦ ਕਰਨ ਦੀ ਸੋਚੀ ਹੈ। ਰੋਨਾਲਡੋ ਅਤੇ ਉਸਦੇ ਸਾਥੀ ਕਰੀਬ 7.5 ਅਰਬ ਰੁਪਏ ਦੀ ਆਪਣੀ ਫੀਸ ਛੱਡਣ ਲਈ ਰਾਜ਼ੀ ਹੋ ਗਏ ਹਨ ਤਾਂ ਜੋ ਕਲੱਬ ਨੂੰ ਆਰਥਿਕ ਸੰਕਟ ਵਿਚੋਂ ਉਭਰਨ ’ਚ ਮਦਦ ਮਿਲ ਸਕੇ। ਯੂਵੈਂਟਸ ਸਿਰੀ-ਏ ਦਾ ਸਭ ਤੋਂ ਅਹਿਮ ਕਲੱਬ ਹੈ ਪਰ ਕੋਵਿਡ-19 ਕਾਰਨ ਇਸ ਨੂੰ ਬਹੁਤ ਆਰਥਿਕ ਨੁਕਸਾਨ ਹੋਣ ਦੇ ਆਸਾਰ ਹਨ। ਇਟਲੀ ਵਿਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਕਰੀਬ 10 ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ ਹਨ।
83 ਕਰੋੜ ਛੱਡਣ ਦਾ ਕੀਤਾ ਫੈਸਲਾ
ਇਸ ਸਮਝੌਤੇ ਦੇ ਤਹਿਤ ਰੋਨਾਲਡੋ ਕਲੱਬ ਤੋਂ ਕਰੀਬ 83 ਕਰੋੜ ਰੁਪਏ ਫੀਸ ਨਹੀਂ ਲੈਣਗੇ। 35 ਸਾਲਾ ਰੋਨਾਲਡੋ ਸੰਸਾਰ ਦੇ ਸਭ ਤੋਂ ਅਮਰੀ ਫੁੱਟਬਾਲਰਾਂ ਵਿਚੋਂ ਇਕ ਹਨ। ਉਹ ਇਸ ਤੋਂ ਪਹਿਲਾਂ ਆਪਣੇ ਦੇਸ਼ ਪੁਰਤਗਾਲ ਦੇ ਸਿਹਤ ਵਿਭਾਗ ਨੂੰ ਵੈਂਟੀਲੇਟਰ ਵੀ ਉਪਲੱਬਧ ਕਰਾ ਚੁੱਕੇ ਹਨ। ਇਸ ਤੋਂ ਬਾਅਦ ਕਲੱਬ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰੋਨਾਲਡੋ, ਕੋਚ ਮਾਰਿਜਿਆ ਸਾਰੀ ਸਣੇ ਟੀਮ ਦੇ ਸਾਥੀ ਖਿਡਾਰੀਆਂ ਨੇ 4 ਮਹੀਨੇ ਦੀ ਫੀਸ ਨਹੀਂ ਲੈਣ ਦੇ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਕਲੱਬ ਨੇ ਕਿਹਾ ਕਿ ਕੋਰੋਨਾ ਕਾਰਨ ਕਲੱਬ ਦੇ 2019-20 ਦੇ ਵਿੱਤੀ ਸਾਲ ਵਿਚ ਬਹੁਤ ਜ਼ਿਆਦਾ ਨੁਕਸਾਨ ਚੁੱਕਣਾ ਪਵੇਗਾ ਅਤੇ ਉਸ ਨੂੰ ਕਰੀਬ 6.77 ਅਰਬ ਰੁਪਏ ਦਾ ਘਾਟਾ ਹੋਣ ਦਾ ਖਦਸ਼ਾ ਹੈ। ਅਜਿਹੇ ਮੁਸ਼ਕਿਲ ਸਮੇਂ ਵਿਚ ਟੀਮ ਦੇ ਖਿਡਾਰੀਆਂ ਅਤੇ ਸਟਾਫ ਨੇ ਯੋਗਦਾਨ ਦੇਣ ਦਾ ਫਸੈਲਾ ਕੀਤਾ ਹੈ। ਇਸ ਦੇ ਤਹਿਤ ਖਿਡਾਰੀ ਮਾਰਚ, ਅਪ੍ਰੈਲ, ਮਈ ਅਤੇ ਜੂਨ ਦੀ ਸੈਲਰੀ ਨਹੀ ਲੈਣਗੇ। ਅਸੀਂ ਖਿਡਾਰੀਆਂ ਅਤੇ ਸਟਾਫ ਦਾ ਇਸ ਯੋਗਦਾਨ ਦੇ ਲਈ ਧੰਨਵਾਦ ਕਰਦੇ ਹਾਂ।