ਰੋਨਾਲਡੋ ਤੇ ਅਲ ਨਾਸਰ ਦਾ ਏ. ਸੀ. ਐੱਲ. ਮੈਚ ਸੁਰੱਖਿਆ ਕਾਰਨਾਂ ਤੋਂ ਈਰਾਨ ਦੀ ਬਜਾਏ ਦੁਬਈ ’ਚ
Tuesday, Oct 22, 2024 - 10:57 AM (IST)
ਵਾਸ਼ਿੰਗਟਨ, (ਭਾਸ਼ਾ)– ਕ੍ਰਿਸਟਿਆਨੋ ਰੋਨਾਲਡੋ ਤੇ ਅਲ ਨਾਸਰ ਦਾ ਤਹਿਰਾਨ ਦੇ ਐਸਤੇਗਲਾਲ ਕਲੱਬ ਵਿਰੁੱਧ ਏ. ਐੱਫ. ਸੀ. ਚੈਂਪੀਅਨਜ਼ ਲੀਗ ਏਲੀਟ ਫੁੱਟਬਾਲ ਮੈਚ ਈਰਾਨ ਵਿਚ ਸੁਰੱਖਿਆ ਚਿੰਤਾਵਾਂ ਕਾਰਨ ਹੁਣ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਹੋਵੇਗਾ।
ਏਸ਼ੀਆਈ ਫੁੱਟਬਾਲ ਸੰਘ ਨੇ ਪਿਛਲੇ ਹਫਤੇ ਜਾਰੀ ਬਿਆਨ ਵਿਚ ਇਸਦੀ ਜਾਣਕਾਰੀ ਦਿੱਤੀ ਸੀ। ਭਾਰਤ ਨੇ ਇਸ ਫੈਸਲੇ ’ਤੇ ਹੈਰਾਨੀ ਜਤਾਈ ਹੈ ਕਿਉਂਕਿ 7 ਅਕਤੂਬਰ ਨੂੰ ਏ. ਐੱਫ. ਸੀ. ਨੇ ਕਿਹਾ ਸੀ ਕਿ ਕੋਲਕਾਤਾ ਦੇ ਮੋਹਨ ਬਾਗਾਨ ਕਲੱਬ ਨੇ ਟ੍ਰੈਕਟਰ ਐੱਸ. ਸੀ. ਵਿਰੁੱਧ 2 ਅਕਤੂਬਰ ਨੂੰ ਦੂਜੀ ਸ਼੍ਰੇਣੀ ਦੇ ਏ. ਐੱਫ. ਸੀ. ਚੈਂਪੀਅਨਜ਼ ਲੀਗ 2 ਦੇ ਮੈਚ ਲਈ ਈਰਾਨ ਜਾਣ ਤੋਂ ਇਨਕਾਰ ਕੀਤਾ ਸੀ, ਲਿਹਾਜ਼ਾ ਮੰਨਿਆ ਜਾਵੇਗਾ ਕਿ ਉਸਨੇ ਨਾਂ ਵਾਪਸ ਲੈ ਲਿਆ ਹੈ। ਸਿਰਫ ਅਲ ਨਾਸਰ ਹੀ ਨਹੀਂ, ਸਗੋਂ ਟ੍ਰੈਕਟਰ ਦਾ ਤਾਜ਼ਿਕਸਤਾਨ ਦੇ ਰਾਵਸ਼ਾਨ ਵਿਰੁੱਧ ਘਰੇਲੂ ਮੈਚ ਵੀ ਹੋਰ ਸਥਾਨ ’ਤੇ ਟਰਾਂਸਫਰ ਕਰ ਦਿੱਤਾ ਗਿਆ ਹੈ। ਈਰਾਨ ਤੇ ਕਤਰ ਵਿਚਾਲੇ 15 ਅਕਤੂਬਰ ਦਾ ਮੈਚ ਵੀ ਕਤਰ ਤੋਂ ਦੁਬਈ ਟਰਾਂਸਫਰ ਕੀਤਾ ਗਿਆ।
ਮੋਹਨ ਬਾਗਾਨ ਦੇ ਇਕ ਬੁਲਾਰੇ ਨੇ ਕਿਹਾ, ‘‘ਕਲੱਬ ਨੇ ਦੇਖਿਆ ਹੈ ਕਿ ਏ. ਐੱਫ. ਸੀ. ਨੇ ਆਖਿਰਕਾਰ ਮੰਨਿਆ ਹੈ ਕਿ ਈਰਾਨ ਵਿਚ ਸੁਰੱਖਿਆ ਹਾਲਾਤ ਗੰਭੀਰ ਹਨ ਤੇ ਇਸ ਵਜ੍ਹਾ ਨਾਲ ਕਈ ਮੈਚ ਟਰਾਂਸਫਰ ਕੀਤੇ ਗਏ ਹਨ। ਮੋਹਨ ਬਾਗਾਨ ਦੇ ਮਾਮਲੇ ਵਿਚ ਵੀ ਅਜਿਹਾ ਨਹੀਂ ਕਰਨ ਨਾਲ ਲੱਗੇਗਾ ਕਿ ਏ. ਐੱਫ. ਸੀ. ਪੱਖਪਾਤ ਕਰ ਰਿਹਾ ਹੈ।’’
ਬੁਲਾਰੇ ਨੇ ਦੱਸਿਆ ਕਿ ਮੋਹਨ ਬਾਗਾਨ ਨੇ ਅਪੀਲ ਕੀਤੀ ਸੀ ਕਿ ਮੈਚ ਦੀ ਮਿਤੀ ਜਾਂ ਸਥਾਨ ਬਦਲਿਆ ਜਾਵੇ। ਕਲੱਬ ਨੇ ਕਿਹਾ ਕਿ ਏ. ਐੱਫ. ਸੀ. ਦੀ ਸਬੰਧਤ ਕਮੇਟੀ ਦੇ ਸਾਹਮਣੇ ਅਪੀਲ ਕੀਤੀ ਗਈ ਹੈ ਤੇ ਉਮੀਦ ਹੈ ਕਿ ਉਸ ਨੂੰ ਖੇਡਣ ਦਾ ਮੌਕਾ ਮਿਲੇਗਾ।’’