ਆਧੁਨਿਕ ਸਮੇਂ ਦੇ ਮਹਾਨ ਖਿਡਾਰੀ ਆਪਣਾ ਰਸਤਾ ਖੁਦ ਬਣਾਉਂਦੇ ਹਨ : ਰੋਹਿਤ ਨੇ ਕੋਹਲੀ ਦਾ ਕੀਤਾ ਸਮਰਥਨ
Wednesday, Dec 25, 2024 - 05:13 PM (IST)
ਮੈਲਬੌਰਨ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ’ਚ ਆਫ ਸਟੰਪ ਦੇ ਬਾਹਰ ਦੀ ਗੇਂਦ ’ਤੇ ਵਿਰਾਟ ਕੋਹਲੀ ਦੇ ਸੰਘਰਸ਼ ਨੂੰ ਲੈ ਕੇ ਚਿੰਤਾਵਾਂ ਨੂੰ ਜ਼ਿਆਦਾ ਤਵੱਜੋ ਨਾ ਦਿੰਦੇ ਹੋਏ ਟੀਮ ’ਚ ਲੰਮੇ ਸਮੇਂ ਦੇ ਆਪਣੇ ਸਾਥੀ ਦਾ ਪੂਰਨ ਸਮਰਥਨ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਆਧੁਨਿਕ ਸਮੇਂ ਦੇ ਮਹਾਨ ਖਿਡਾਰੀ ਆਪਣੇ ਰਸਤੇ ਨੂੰ ਖੁਦ ਤੈਅ ਕਰ ਲੈਂਦੇ ਹਨ।
ਆਸਟ੍ਰੇਲੀਆ ਦੇ ਇਸ ਦੌਰ ’ਤੇ ਕੋਹਲੀ ਨੇ 5 ਪਾਰੀਆਂ ’ਚ 5, 100 ਅਜੇਤੂ, 7, 11 ਅਤੇ 7 ਦੌੜਾਂ ਬਣਾਈਆਂ ਹਨ। ਇਸ ਦੌਰਾਨ ਇਸ ਦਾ ਔਸਤ 31.50 ਦੌੜਾਂ ਰਿਹਾ ਹੈ। ਖੁਦ ਵੀ ਖਰਾਬ ਦੌਰ ’ਚੋਂ ਲੰਘ ਰਹੇ ਰੋਹਿਤ ਨੂੰ ਲੈਅ ਹਾਸਲ ਕਰਨ ਦੀ ਉਮੀਦ ਹੈ। ਜਦੋਂ ਉਸ ਕੋਲੋਂ ਕੋਹਲੀ ਦੇ ਸੰਘਰਸ਼ਾਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਚਿਹਰੇ ’ਚ ਮੁਸਕਾਨ ਦੇ ਨਾਲ ਇਸ ਦਾ ਜਵਾਬ ਦਿੱਤਾ।
ਜਦੋਂ ਇਕ ਪੱਤਰਕਾਰ ਨੇ ਰੋਹਿਤ ਕੋਲੋਂ ਪੁੱਛਿਆ ਕਿ ਖਰਾਬ ਦੌਰ ’ਚੋਂ ਲੰਘ ਰਹੇ ਮੌਜੂਦਾ ਯੁੱਗ ਦੇ ਕਿਸੇ ਮਹਾਨ ਖਿਡਾਰੀ ਨੂੰ ਤੁਸੀਂ ਸਲਾਹ ਦੇਣੀ ਪਸੰਦ ਕਰੋਗੇ ਜਾਂ ਉਸ ਦੇ ਹਾਲਾਤ ’ਤੇ ਛੱਡ ਦਿਓਗੇ। ਭਾਰਤੀ ਕਪਤਾਨ ਨੇ ਕਿਹਾ ਕਿ ਤੁਸੀਂ ਹੀ ਕਿਹਾ ਕਿ ਉਹ ਮੌਜੂਦਾ ਦੌਰ ਦਾ ਮਹਾਨ ਖਿਡਾਰੀ ਹੈ। ਮੌਜੂਦਾ ਦੌਰ ਦੇ ਮਹਾਨ ਖਿਡਾਰੀ ਆਪਣਾ ਰਸਤਾ ਖੁਦ ਤੈਅ ਕਰ ਲੈਂਦੇ ਹਨ।
ਕੋਹਲੀ ਐੱਮ. ਸੀ. ਜੀ. ਵਿਚ ਨੈੱਟ ਅਭਿਆਸ ਸੈਸ਼ਨ ’ਚ ਹਿੱਸਾ ਲੈਣ ਵਾਲੇ ਸਭ ਤੋਂ ਸ਼ੁਰੂਆਤੀ ਬੱਲਾਬਾਜ਼ਾਂ ’ਚੋਂ ਇਕ ਸੀ ਅਤੇ ਰੋਹਿਤ ਪ੍ਰਮੁੱਖ ਬੱਲੇਬਾਜ਼ਾਂ ’ਚੋਂ ਸਭ ਤੋਂ ਅਖੀਰ ’ਚ ਅਭਿਆਸ ਕਰਨ ਪਹੁੰਚਿਆ। ਭਾਰਤ ਕਪਤਾਨ ਨੇ ਆਖਰੀ 20 ਮਿੰਟ ’ਚ ਸਿਰਫ 2 ਸ਼ਾਟਸ ਖੇਡ ਅਤੇ ਬਾਕੀ ਗੇਂਦਾਂ ਨੂੰ ਵਿਕਟ ਦੇ ਪਿੱਛਾ ਜਾਣ ਦਿੱਤਾ। ਉਹ ਗੇਂਦ ’ਤੇ ਹਮਲਾ ਕਰਨ ਦੀ ਆਪਣੀ ਆਦਤ ਨੂੰ ਕੰਟਰੋਲ ਕਰਨ ਦਾ ਕੋਸ਼ਿਸ਼ ਕਰਦਾ ਦਿਸਿਆ।