ਗੰਭੀਰ ਨੇ ਖੁਦ ਤੋਂ ਵੱਧ ਮੇਰੇ ’ਤੇ ਭਰੋਸਾ ਕੀਤੈ : ਆਕਾਸ਼ ਦੀਪ
Thursday, Aug 14, 2025 - 10:49 AM (IST)

ਨਵੀਂ ਦਿੱਲੀ- ਭਾਰਤੀ ਤੇਜ਼ ਗੇਂਦਬਾਜ਼ ਆਕਾਸ਼ ਦੀਪ ਨੇ ਕਿਹਾ ਕਿ ਉਸਦਾ ਪਹਿਲਾ ਇੰਗਲੈਂਡ ਦੌਰਾ ਕਾਫੀ ਸਹਿਜ ਰਿਹਾ, ਜਿੱਥੇ ਇਕ ਕੋਚ ਨੇ ਖੁਦ ਤੋਂ ਵੱਧ ਉਸ ’ਤੇ ਭਰੋਸਾ ਕੀਤਾ, ਇਕ ਕਪਤਾਨ ਨੇ ਮੁਸ਼ਕਿਲ ਸਮੇਂ ਵਿਚ ਸਾਥ ਦਿੱਤਾ ਤੇ ਮਾਹੌਲ ਘਰ ਵਰਗਾ ਸੀ ਜਦਕਿ ਹਾਲਾਤ ਵਿਦੇਸ਼ੀ ਮੈਦਾਨ ਤੋਂ ਜ਼ਿਆਦਾ ਘਰੇਲੂ ਮੈਦਾਨ ਵਰਗੇ ਸਨ। ਆਕਾਸ਼ ਦੀਪ ਨੇ ਇਕ ਮੈਚ ਵਿਚ 10 ਵਿਕਟਾਂ ਤੇ ਦੂਜੇ ਵਿਚ ਅਰਧ ਸੈਂਕੜਾ ਲਾ ਕੇ ਭਾਰਤ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨਾਲ ਉਹ ਰਾਤੋ-ਰਾਤ ਸਟਾਰ ਬਣ ਗਿਆ ਪਰ ਉਹ ਇਹ ਨਹੀਂ ਭੁੱਲ ਸਕਦਾ ਕਿ ਮੁੱਖ ਕੋਚ ਗੌਤਮ ਗੰਭੀਰ ਨੇ ਓਵਲ ਵਿਚ 66 ਦੌੜਾਂ ਬਣਾਉਣ ਤੋਂ ਬਾਅਦ ਉਸ ਨੂੰ ਕੀ ਕਿਹਾ ਸੀ।
ਇਸ 29 ਸਾਲਾ ਕ੍ਰਿਕਟਰ ਨੇ ਕਿਹਾ, ‘‘ਗੌਤਮ ਭਰਾ ਨੇ ਮੈਨੂੰ ਕਿਹਾ ਕਿ ਤੈਨੂੰ ਖੁਦ ਪਤਾ ਨਹੀਂ ਤੂੰ ਕੀ ਕਰ ਸਕਦਾ ਹੈ। ਦੇਖ ਮੈਂ ਤੈਨੂੰ ਕਹਿ ਰਿਹਾ ਸੀ ਕਿ ਤੂੰ ਕੀ ਕਰ ਸਕਦਾ ਹੈ। ਤੈਨੂੰ ਹਮੇਸ਼ਾ ਇਸੇ ਸਮਰਪਣ ਨਾਲ ਖੇਡਣਾ ਪਵੇਗਾ।’’
ਉਸ ਨੇ ਕਿਹਾ, ‘‘ਗੌਤਮ ਭਰਾ ਬਹੁਤ ਹੀ ਜਨੂੰਨੀ ਕੋਚ ਹੈ। ਉਹ ਹਮੇਸ਼ਾ ਸਾਨੂੰ ਉਤਸ਼ਾਹਿਤ ਕਰਦਾ ਰਹਿੰਦਾ ਹੈ। ਉਹ ਮੇਰੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਚ ਮੇਰੇ ਤੋਂ ਵੱਧ ਭਰੋਸਾ ਕਰਦਾ ਹੈ।’’
ਰੋਹਿਤ ਸ਼ਰਮਾ ਦੀ ਅਗਵਾਈ ਵਿਚ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਤੇ ਹੁਣ ਸ਼ੁਭਮਨ ਗਿੱਲ ਦੀ ਅਗਵਾਈ ਵਿਚ ਖੇਡਣ ਤੋਂ ਬਾਅਦ ਬੰਗਾਲ ਦੇ ਇਸ ਤੇਜ਼ ਗੇਂਦਬਾਜ਼ ਲਈ ਤਾਲਮੇਲ ਬਿਠਾਉਣਾ ਆਸਾਨ ਰਿਹਾ ਹੈ। ਉਸ ਨੇ ਕਿਹਾ ਕਿ ਨਵਾਂ ਕਪਤਾਨ ਸ਼ਾਂਤ ਸੁਭਾਅ ਦਾ ਹੈ ਪਰ ਮੈਦਾਨ ’ਤੇ ਉਸਦੇ ਕੋਲ ਕਈ ਤਰ੍ਹਾਂ ਦੇ ਆਈਡੀਏ ਹੁੰਦੇ ਹਨ। ਉਸ ਨੇ ਕਿਹਾ ਕਿ ਉਹ ਬਹੁਤ ਚੰਗਾ ਕਪਤਾਨ ਹੈ। ਅਜਿਹਾ ਨਹੀਂ ਹੈ ਕਿ ਉਹ ਨਵਾਂ ਕਪਤਾਨ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਆਈ. ਪੀ. ਐੱਲ. ਵਿਚ ਕਪਤਾਨੀ ਕਰ ਰਿਹਾ ਹੈ ਜਿਹੜਾ ਇਕ ਵੱਡਾ ਮੰਚ ਹੈ। ਇਹ ਤਜਰਬਾ ਕਾਫੀ ਮਾਇਨੇ ਰੱਖਦਾ ਹੈ। ਜਦੋਂ ਇਕ ਕਪਤਾਨ ਤੁਹਾਡਾ ਸਮਰਥਨ ਕਰਦਾ ਹੈ ਤੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤਾਂ ਇਸ ਨਾਲ ਬਹੁਤ ਫਰਕ ਪੈਂਦਾ ਹੈ।