ਫੀਲਡਿੰਗ ਦੌਰਾਨ ਰੋਹਿਤ ਨੇ ਕੀਤੀ ਅਜਿਹੀ ਹਰਕਤ, ਹੋ ਸਕਦੀ ਸੀ ਵੱਡੀ ਕਾਰਵਾਈ (Video)

01/18/2020 2:10:04 PM

ਨਵੀਂ ਦਿੱਲੀ : ਭਾਰਤ-ਆਸਟਰੇਲੀਆ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਮੈਚ ਟੀਮ ਇੰਡੀਆ ਲਈ ਸ਼ਾਨਦਾਰ ਰਿਹਾ। ਇਸ ਮੁਕਾਬਲੇ ਵਿਚ ਭਾਰਤ ਨੇ 36 ਦੌੜਾਂ ਨਾਲ ਜਿੱਤ ਹਾਸਲ ਕੀਤੀ ਅਤੇ ਸੀਰੀਜ਼ ਨੂੰ 1-1 ਦੀ ਬਰਾਬਰੀ 'ਤੇ ਲਿਆ ਦਿੱਤਾ। ਇਸ ਮੁਕਾਬਲੇ ਵਿਚ ਟੀਮ ਇੰਡੀਆ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਮੈਦਾਨ 'ਤੇ ਫੀਲਡਿੰਗ ਦੌਰਾਨ ਰੋਹਿਤ ਸ਼ਰਮਾ ਨੇ ਕੁਝ ਅਜਿਹਾ ਕੀਤਾ ਜੋ ਖੇਡ ਭਾਵਨਾ ਦੇ ਖਿਲਾਫ ਹੈ। ਹਾਲਾਂਕਿ ਚੰਗਾ ਰਿਹਾ ਕਿ ਰੋਹਿਤ ਦੀ ਇਸ ਹਰਕਤ 'ਤੇ ਅੰਪਾਇਰਾਂ ਦੀ ਨਜ਼ਰ ਨਹੀਂ ਪਈ ਨਹੀਂ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਸੀ।

ਦਰਅਸਲ, 341 ਦੌੜਾਂ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਨੂੰ 2 ਝਟਕੇ ਲੱਗਣ ਤੋਂ ਬਾਅਦ ਮਾਰਨਸ ਲਾਬੁਚਾਨੇ ਅਤੇ ਸਟੀਵ ਸਮਿਥ ਨੇ ਪਾਰੀ ਨੂੰ ਸੰਭਾਲਿਆ। ਦੋਵੇਂ ਚੰਗੀ ਲੈਅ ਵਿਚ ਬੱਲੇਬਾਜ਼ੀ ਕਰ ਰਹੀ ਸੀ। ਇਸ ਵਿਚਾਲੇ ਮੈਚ ਦਾ 23ਵਾਂ ਓਵਰ ਕੁਲਦੀਪ ਯਾਦਵ ਸੁੱਟ ਰਹੇ ਸੀ ਅਤੇ ਚੌਥੀ ਗੇਂਦ 'ਤੇ ਮਾਰਨਸ ਲਾਬੁਚਾਨੇ ਨੇ ਗੇਂਦ ਨੂੰ ਵਿਕਟਕੀਪਰ ਦੇ ਪਿੱਛੇ ਸਕੂਪ ਕਰ ਦਿੱਤਾ। ਇਸ ਦੌਰਾਨ ਰੋਹਿਤ ਸ਼ਰਮਾ ਗੇਂਦ ਵੱਲ ਭੱਜੇ ਪਰ ਗੇਂਦ ਉਸ ਤੋਂ ਅੱਗੇ ਨਿਕਲ ਗਈ। ਇਸ 'ਤੇ ਰੋਹਿਤ ਸ਼ਰਮਾ ਨੇ ਓਵਰ ਥ੍ਰੋਅ ਸੁੱਟਣ ਦੀ 'ਫੇਕ ਐਕਟਿੰਗ' ਕੀਤੀ। ਇਸ ਤੋਂ ਬਾਅਦ ਜਾਧਵ ਨੇ ਗੇਂਦ ਫੜ੍ਹ ਕੇ ਸੁੱਟੀ। ਦੋਵੇਂ ਬੱਲੇਬਾਜ਼ ਤਦ ਤਕ 2 ਦੌੜਾਂ ਲੈ ਚੁੱਕੇ ਸੀ। ਜੇਕਰ ਨਿਯਮਾਂ ਦੀ ਗੱਲ ਕਰੀਏ ਤਾਂ ਨਿਯਮ ਮੁਤਾਬਕ ਨਕਲੀ ਫੀਲਡਿੰਗ ਦੀ ਐਕਟਿੰਗ ਕਰਨ 'ਤੇ ਟੀਮ ਨੂੰ 5 ਦੌੜਾਂ ਦੀ ਪੈਨਲਟੀ ਲਗਦੀ ਹੈ। ਕ੍ਰਿਕਟ ਲਾਅ ਮੁਤਾਬਕ 41.5 ਦੇ ਤਹਿਤ ਇਹ ਪੈਨਲਟੀ ਲਾਈ ਜਾਂਦੀ ਹੈ। 2017 ਵਿਚ ਇਸ ਨੂੰ ਕ੍ਰਿਕਟ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਸੀ।


Related News