ਰੋਹਿਤ ਦੀ ਫਿੱਟਨੈਸ ''ਤੇ ਗਾਂਗੁਲੀ ਨੇ ਤੋੜੀ ਚੁੱਪੀ, ਸੱਟ ਨੂੰ ਲੈ ਕੇ ਦਿੱਤਾ ਇਹ ਬਿਆਨ

11/13/2020 7:26:39 PM

ਨਵੀਂ ਦਿੱਲੀ— ਮੁੰਬਈ ਇੰਡੀਅਨਜ਼ ਨੂੰ ਪੰਜਵੀਂ ਵਾਰ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਚੈਂਪੀਅਨ ਬਣਾਉਣ ਵਾਲੇ ਰੋਹਿਤ ਸ਼ਰਮਾ ਨੇ ਫਾਈਨਲ 'ਚ ਦਿੱਲੀ ਕੈਪੀਟਲਸ ਦੇ ਖਿਲਾਫ 68 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਰੋਹਿਤ ਸਿਰਫ 70 ਫ਼ੀਸਦੀ ਹੀ ਫਿੱਟ ਹਨ। ਰੋਹਿਤ ਨੂੰ ਪਿਛਲੀ 18 ਅਕਤੂਬਰ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਲਾਫ਼ ਇਕ ਦੌੜ ਲੈਂਦੇ ਸਮੇਂ ਹੈਮਸਟ੍ਰਿੰਗ 'ਚ ਸੱਟ ਲੱਗੀ ਸੀ। ਉਹ ਇਸ ਤੋਂ ਬਾਅਦ ਮੁੰਬਈ ਦੇ ਅਗਲੇ ਚਾਰ ਮੈਚ ਨਹੀਂ ਖੇਡ ਸਕੇ ਸਨ ਪਰ ਉਹ ਆਖ਼ਰੀ ਲੀਗ ਮੈਚ, ਪਹਿਲਾ ਕੁਆਲੀਫ਼ਾਇਰ ਤੇ ਫਾਈਨਲ 'ਚ ਖੇਡੇ। ਫਾਈਨਲ 'ਚ ਉਨ੍ਹਾਂ ਨੇ ਆਪਣੀ ਟੀਮ ਵੱਲੋਂ ਸਭ ਤੋਂ ਜ਼ਿਆਦਾ 68 ਦੌੜਾਂ ਬਣਾਈਆਂ।

ਰਾਸ਼ਟਰੀ ਚੋਣਕਰਤਾਵਾਂ ਨੇ ਜਦੋਂ ਆਸਟਰੇਲੀਆ ਦੌਰੇ ਲਈ ਵਨ-ਡੇ, ਟੀ-20 ਤੇ ਟੈਸਟ ਟੀਮ ਦਾ ਐਲਾਨ ਕੀਤਾ ਸੀ ਤਾਂ ਰੋਹਿਤ ਨੂੰ ਅਨਫਿੱਟ ਦਸਦੇ ਹੋਏ ਕਿਸੇ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕਾਫੀ ਆਲੋਚਨਾ ਵੀ ਹੋਈ ਸੀ ਕਿਉਂਕਿ ਰੋਹਿਤ ਅਭਿਆਸ ਕਰ ਰਹੇ ਸਨ। ਰੋਹਿਤ ਨੇ ਫਿਰ ਮੁੰਬਈ ਦੇ ਆਖ਼ਰੀ ਤਿੰਨ ਮੈਚ ਖੇਡੇ ਜਿਸ 'ਚ ਕੁਆਲੀਫਾਇਰ ਅਤੇ ਫਾਈਨਲ ਸ਼ਾਮਲ ਸਨ। ਚੋਣਕਰਤਾਵਾਂ ਨੇ ਆਈ. ਪੀ. ਐੱਲ. ਫਾਈਨਲ ਤੋਂ ਇਕ ਦਿਨ ਪਹਿਲਾਂ ਰੋਹਿਤ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਉਨ੍ਹਾਂ ਨੂੰ ਆਸਟਰੇਲੀਆ 'ਚ ਵਨ-ਡੇ ਅਤੇ ਟੀ-20 ਸੀਰੀਜ਼ 'ਚ ਆਰਾਮ ਦਿੱਤਾ ਤਾਂ ਜੋ ਉਹ ਆਪਣੀ ਪੂਰੀ ਫਿੱਟਨੈਸ ਹਾਸਲ ਕਰ ਸਕਣ। ਰੋਹਿਤ ਨੂੰ ਬਾਰਡਰ ਗਾਵਸਕਰ ਟਰਾਫੀ ਲਈ ਚਾਰ ਟੈਸਟਾਂ ਦੀ ਭਾਰਤੀ ਟੀਮ 'ਚ ਸ਼ਾਮਲ ਕਰ ਲਿਆ। ਭਾਰਤ ਦਾ ਆਸਟਰੇਲੀਆ ਦੌਰਾ 27 ਨਵੰਬਰ ਤੋਂ ਸ਼ੁਰੂ ਹੋਵੇਗਾ ਤੇ 19 ਜਨਵਰੀ ਤਕ ਚਲੇਗਾ।ਰਰੋਹਿਤ ਭਾਰਤੀ ਟੀਮ ਨਾਲ ਆਸਟਰੇਲੀਆ ਰਵਾਨਾ ਨਹੀਂ ਹੋਏ ਸਗੋਂ ਵਤਨ ਪਰਤ ਆਏ ਹਨ।

ਰੋਹਿਤ ਦੀ ਫਿੱਟਨੈਸ ਨੂੰ ਲੈ ਕੇ ਗਾਂਗੁਲੀ ਨੇ 'ਦਿ ਵੀਕ' ਨੂੰ ਕਿਹਾ ਕਿ ਰੋਹਿਤ 70 ਫੀਸਦੀ ਫਿੱਟ ਹਨ। ਇਸੇ ਕਾਰਨ ਉਨ੍ਹਾਂ ਨੂੰ ਵਨ-ਡੇ ਤੇ ਟੀ-20 ਦੇ ਲਈ ਨਹੀਂ ਚੁਣਿਆ ਗਿਆ ਪਰ ਉਨ੍ਹਾਂ ਨੂੰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਰੋਹਿਤ ਦੇ ਆਈ. ਪੀ. ਐੱਲ. 'ਚ ਬਾਅਦ 'ਚ ਖੇਡਣ 'ਤੇ ਗਾਂਗੁਲੀ ਨੇ ਕਿਹਾ ਕਿ ਇਸ ਬਾਰੇ ਰੋਹਿਤ ਹੀ ਬਿਹਤਰ ਦਸ ਸਕਦੇ ਹਨ। ਰੋਹਿਤ ਹੁਣ ਬੈਂਗਲੁਰੂ 'ਚ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰਿਹੈਬਲੀਟੇਸ਼ਨ ਤੋਂ ਗੁਜ਼ਨਗੇ ਅਤੇ ਜਦੋਂ ਵੀ ਉਹ ਫਿੱਟਨੈਸ ਟੈਸਟ ਪਾਸ ਕਰ ਲੈਣਗੇ ਤਾਂ ਆਸਟਰੇਲੀਆ ਲਈ ਰਵਾਨਾ ਹੋ ਜਾਣਗੇ ਜਿੱਥੇ ਸੀਰੀਜ਼ ਦਾ ਪਹਿਲਾ ਟੈਸਟ ਐਡੀਲੇਡ 'ਚ 17 ਦਸੰਬਰ ਨੂੰ ਖੇਡਿਆ ਜਾਵੇਗਾ।


Tarsem Singh

Content Editor

Related News