ਰੋਹਿਤ ਦੀ ਬੱਲੇਬਾਜ਼ੀ ਦਾ ਮੁਰੀਦ ਹੈ ਬਟਲਰ

04/16/2020 2:17:16 AM

ਨਵੀਂ ਦਿੱਲੀ— ਇੰਗਲੈਂਡ ਦੇ ਬੱਲੇਬਾਜ਼ ਜੋਸ ਬਟਲਰ ਨੇ ਰੋਹਿਤ ਸ਼ਰਮਾ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਦੇ ਹੋਏ ਭਾਰਤ ਦੇ ਸਲਾਮੀ ਬੱਲੇਬਾਜ਼ ਨੂੰ ਬਿਹਤਰੀਨ ਖਿਡਾਰੀ ਕਰਾਰ ਦਿੱਤਾ ਹੈ, ਜਿਹੜਾ ਬਿਨਾਂ ਵਧ ਕੋਸ਼ਿਸ਼ ਕੀਤੇ ਵੱਡੇ ਸੈਂਕੜੇ ਲਾ ਕੇ ਵਿਰੋਧੀ ਟੀਮ ਨੂੰ ਹਰਾ ਸਕਦਾ ਹੈ। ਰਾਜਸਥਾਨ ਰਾਇਲਜ਼ ਦੇ ਪੇਜ ’ਤੇ ਬਟਲਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਰੋਹਿਤ ਸ਼ਰਮਾ ਬਿਹਤਰੀਨ ਖਿਡਾਰੀ ਹੈ।’’ ਉਸ ਨੇ ਕਿਹਾ, ‘‘ਬੱਲੇਬਾਜ਼ੀ ਵਿਚ ਸਰਲਤਾ’ ਭਾਰਤ ਦੇ ਕਾਫੀ ਖਿਡਾਰੀਆਂ ਕੋਲ ਇਹ ਸ਼ਾਨਦਾਰ ਸ਼ੈਲੀ ਹੈ। ਉਹ ਲੰਬੇ ਸਮੇਂ ਤੋਂ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਹੈ। ਮੈਨੂੰ ਉਸਦੀ ਬੱਲੇਬਾਜ਼ੀ ਅਤੇ ਬਿਨਾਂ ਕਿਸੇ ਕੋਸ਼ਿਸ਼ ਦੇ ਲੋਕਾਂ ਨੂੰ ਚਿੱਤ ਕਰਨ ਦਾ ਉਸਦਾ ਤਰੀਕਾ ਪਸੰਦ ਹੈ।’’
ਰੋਹਿਤ ਨੂੰ ਸੀਮਤ ਓਵਰਾਂ ਦੇ ਸਵਰੂਪ ’ਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ  ਅਤੇ ਉਹ ਆਈ. ਸੀ. ਸੀ. ਵਨ ਡੇ ਬੱਲੇਬਾਜ਼ੀ ਰੈਂਕਿੰਗ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਮੰੁਬਈ ਦਾ ਇਹ ਬੱਲੇਬਾਜ਼ ਦੁਨੀਆ ਦਾ ਇਕਲੌਤਾ ਬੱਲੇਬਾਜ਼ ਹੈ, ਜਿਸ ਨੇ ਵਨ ਡੇ ਕੌਮਾਂਤਰੀ ਕ੍ਰਿਕਟ ਵਿਚ ਤਿੰਨ ਦੋਹਰੇ ਸੈਂਕੜੇ ਲਾਏ ਹਨ।
ਰੋਹਿਤ ਨੇ 2019 ਵਿਸ਼ਵ ਕੱਪ ਵਿਚ ਪੰਜ ਸੈਂਕੜੇ ਲਾ ਕੇ ਵਿਸ਼ਵ ਕੱਪ ਮੈਚਾਂ ਵਿਚ ਸਭ ਤੋਂ ਵੱਧ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ ਅਤੇ ਉਹ 648 ਦੌੜਾਂ ਦੇ ਨਾਲ ਟੂਰਨਾਮੈਂਟ ਦਾ ਟਾਪ ਸਕੋਰਰ ਰਿਹਾ ਸੀ। ਆਈ. ਪੀ. ਐੱਲ. 2016 ਅਤੇ 2017 ਵਿਚ ਰੋਹਿਤ ਦੇ ਨਾਲ ਮੰੁਬਈ ਇੰਡੀਅਨਜ਼ ਦੇ ਡ੍ਰੈਸਿੰਗ ਰੂਮ ਦਾ ਹਿੱਸਾ ਰਹੇ ਬਟਲਰ ਨੇ ਕਿਹਾ, ‘‘ਰੋਹਿਤ ਦੇ ਨਾਲ ਮੈਂ ਜਿਹੜੀਆਂ ਚੀਜ਼ਾਂ ਦੇਖੀਆਂ ਹਨ, ਉਨ੍ਹਾਂ ਵਿਚੋਂ ਇਕ ਇਹ ਹੈ ਕਿ ਜੇਕਰ ਉਹ ਟਿਕ ਜਾਂਦਾ ਹੈ ਤਾਂ ਵੱਡੀਆਂ ਪਾਰੀਆਂ ਖੇਡਦਾ ਹੈ ਅਤੇ ਮੈਚ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਪਿਛਲੇ ਸਾਲ ਵਿਸ਼ਵ ਕੱਪ ਵਿਚ ਉਸ ਨੇ 4-5 ਸੈਂਕੜੇ ਲਾਏ ਸਨ।’’ ਬਟਲਰ ਦਾ ਮੰਨਣਾ ਹੈ ਕਿ ਭਾਰਤੀ ਖਿਡਾਰੀ ਹੁਣ ਉਛਾਲ ਲੈਂਦੀਆਂ ਗੇਂਦਾਂ ਨਾਲ ਨਜਿੱਠਣ ਲਈ ਬਿਹਤਰ ਸਥਿਤੀ ਵਿਚ ਹਨ।


Gurdeep Singh

Content Editor

Related News