ਕੀਰਤੀ ਆਜ਼ਾਦ ਨੂੰ ਹਰਾ ਕੇ ਰੋਹਨ ਜੇਤਲੀ ਫਿਰ ਬਣਿਆ ਡੀ. ਡੀ. ਸੀ. ਏ. ਦਾ ਮੁਖੀ

Wednesday, Dec 18, 2024 - 02:23 PM (IST)

ਕੀਰਤੀ ਆਜ਼ਾਦ ਨੂੰ ਹਰਾ ਕੇ ਰੋਹਨ ਜੇਤਲੀ ਫਿਰ ਬਣਿਆ ਡੀ. ਡੀ. ਸੀ. ਏ. ਦਾ ਮੁਖੀ

ਨਵੀਂ ਦਿੱਲੀ– ਰੋਹਨ ਜੇਤਲੀ ਲਗਾਤਾਰ ਤੀਜੀ ਵਾਰ ਦਿੱਲੀ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦਾ ਮੁਖੀ ਬਣ ਗਿਆ ਹੈ, ਜਿਸ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੂੰ ਚੋਣਾਂ ਵਿਚ ਆਸਾਨੀ ਨਾਲ ਹਰਾ ਦਿੱਤਾ। ਸਾਬਕਾ ਕੇਂਦਰੀ ਮੰਤਰੀ ਤੇ ਸਵ. ਅਰੁਣ ਜੇਤਲੀ ਦਾ ਬੇਟਾ 35 ਸਾਲਾ ਰੋਹਨ ਨੂੰ 1577 ਵੋਟਾਂ ਮਿਲੀਆਂ ਜਦਕਿ ਆਜ਼ਾਦ ਨੂੰ 777 ਵੋਟਾਂ ਪਈਆਂ। ਕੁੱਲ 2413 ਵੋਟਾਂ ਪਾਈਆਂ ਗਈਆਂ ਸਨ ਤੇ ਜਿੱਤਣ ਲਈ 1207 ਵੋਟਾਂ ਚਾਹੀਦੀਆਂ ਸਨ।

ਰੋਹਨ 2022 ਵਿਚ ਨਿਰਵਿਰੋਧ ਚੁਣਿਆ ਗਿਆ ਸੀ ਜਦੋਂ ਰਜਤ ਸ਼ਰਮਾ ਨੇ ਵਿਚਾਲੇ ਵਿਚ ਹੀ ਅਹੁਦਾ ਛੱਡ ਦਿੱਤਾ ਸੀ। ਇਕ ਸਾਲ ਬਾਅਦ ਉਸ ਨੇ ਐਡਵੋਕੇਟ ਵਿਕਾਸ ਸਿੰਘ ਨੂੰ ਹਰਾਇਆ। ਸਵ. ਅਰੁਣ ਜੇਤਲੀ 14 ਸਾਲ ਤੱਕ ਡੀ. ਡੀ. ਸੀ. ਏ. ਮੁਖੀ ਰਹੇ ਸਨ।

ਰੋਹਨ ਨੂੰ ਬੀ. ਸੀ. ਸੀ. ਆਈ. ਦੇ ਸਾਬਕਾ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਦਾ ਸਮਰਥਨ ਹਾਸਲ ਸੀ, ਜਿਸ ਦਾ ਦਿੱਲੀ ਕ੍ਰਿਕਟ ਵਿਚ ਕਾਫੀ ਦਬਦਬਾ ਮੰਨਿਆ ਜਾਂਦਾ ਹੈ।

ਖੰਨਾ ਦੀ ਬੇਟੀ ਸ਼ਿਖਾ ਕੁਮਾਰ ਨੇ ਉਪ ਖਜ਼ਾਨਚੀ ਅਹੁਦੇ ਦੀ ਚੋਣ ਵਿਚ ਰਾਕੇਸ਼ ਕੁਮਾਰ ਬੰਸਾਲ ਤੇ ਸੁਧੀਰ ਕੁਮਾਰ ਅਗਰਵਾਲ ਨੂੰ ਹਰਾਇਆ। ਤਿੰਨਾਂ ਨੂੰ ਕ੍ਰਮਵਾਰ 1246, 536 ਤੇ 498 ਵੋਟਾਂ ਮਿਲੀਆਂ।

ਅਸ਼ੋਕ ਕੁਮਾਰ (893) ਸਕੱਤਰ ਚੁਣਿਆ ਗਿਆ ਜਦਕਿ ਹਰੀਸ਼ ਸਿੰਗਲਾ (1328) ਖਜ਼ਾਨਚੀ ਬਣਿਆ। ਅਮਿਤ ਗਰੋਵਰ (1189) ਸੰਯੁਕਤ ਸਕੱਤਰ ਹੋਵੇਗਾ। ਸਾਰੇ ਅਹੁਦੇਦਾਰ ਤਿੰਨ ਸਾਲ ਲਈ ਚੁਣੇ ਗਏ ਹਨ।

ਭਾਰਤ ਦੇ 1983 ਵਿਸ਼ਵ ਕੱਪ ਜੇਤੂ ਟੀਮ ਦਾ ਮੈਂਬਰ ਆਜ਼ਾਦ ਫਿਲਹਾਲ ਪੱਛਮੀ ਬੰਗਾਲ ਵਿਚ ਬਰਧਮਾਨ ਦੁਰਗਾਪੁਰ ਸੀਟ ਤੋਂ ਤ੍ਰਿਣਮੂਲ ਕਾਂਗਰਸ ਦਾ ਸੰਸਦ ਮੈਂਬਰ ਹੈ।

ਉਸ ਨੇ ਡੀ. ਡੀ. ਸੀ. ਏ. ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਉਸ ਨੇ ਦੋਸ਼ ਲਾਇਆ ਸੀ ਕਿ ਡੀ. ਡੀ. ਸੀ. ਏ. ਨੇ ਫਲੱਡ ਲਾਈਟਾਂ ਲਗਾਉਣ ’ਤੇ 17.5 ਕਰੋੜ ਰੁਪਏ ਖਰਚ ਕੀਤੇ ਜਦਕਿ ਇਸ ਤੋਂ ਕਾਫੀ ਵੱਡੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇਸ ਕੰਮ ਲਈ ਸਿਰਫ 7.5 ਕਰੋੜ ਰੁਪਏ ਖਰਚ ਕੀਤੇ ਹਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਡੀ. ਡੀ. ਸੀ. ਏ. ਪ੍ਰਸ਼ਾਸਨ ਨੇ ਬੀ. ਸੀ. ਸੀ. ਆਈ. ਤੋਂ ਪਿਛਲੇ ਸਾਲ ਮਿਲੇ 140 ਕਰੋੜ ਰੁਪਏ ਵਿਚੋਂ ਕੁਝ ਹੀ ਖਰਚ ਕੀਤੇ ਹਨ।


author

Tarsem Singh

Content Editor

Related News