ਲਾਰਡਸ ਟੈਸਟ ’ਚ ਜਬਰਦਸਤ ਪਾਰੀ ਖੇਡ ਭਾਰਤ ਦਾ ਸਭ ਤੋਂ ਕੀਮਤੀ ਖਿਡਾਰੀ ਬਣਿਆ ਜਡੇਜਾ
Friday, Jul 18, 2025 - 11:19 PM (IST)

ਲੰਡਨ- ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਤਜਰਬੇਕਾਰ ਆਲਰਾਊਂਡਰ ਰਵਿੰਦਰ ਜਡੇਜਾ ਦੀ ਸ਼ਲਾਘਾ ਕਰਦੇ ਹੋਏ ਇੰਗਲੈਂਡ ਖਿਲਾਫ ਲਾਰਡਸ ਟੈਸਟ ਵਿਚ ਉਸਦੇ ਪ੍ਰਦਰਸ਼ਨ ਨੂੰ ਅਵਿਸ਼ਵਾਸਯੋਗ ਜੁਝਾਰੂਪਨ ਕਰਾਰ ਦਿੱਤਾ, ਜਿਸ ਦੇ ਲਈ ਉਸ ਨੂੰ ਟੀਮ ਦੇ ਸਭ ਤੋਂ ਕੀਮਤੀ ਖਿਡਾਰੀ (ਐੱਮ. ਵੀ. ਪੀ.) ਦਾ ਤਮਗਾ ਵੀ ਦਿੱਤਾ ਗਿਆ। ਜਡੇਜਾ 181 ਗੇਂਦਾਂ 'ਚ 61 ਦੌੜਾਂ ਬਣਾ ਕੇ ਅਜੇਤੂ ਰਿਹਾ ਸੀ ਪਰ ਉਸਦੀ ਇਸ ਸ਼ਾਨਦਾਰ ਪਾਰੀ ਦੇ ਬਾਵਜੂਦ ਭਾਰਤ ਤੀਜੇ ਟੈਸਟ ਵਿਚ 22 ਦੌੜਾਂ ਨਾਲ ਹਾਰ ਗਿਆ ਸੀ।
ਗੰਭੀਰ ਨੇ ‘ਦਿ ਐੱਮ. ਵੀ. ਪੀ. ਫੀਟ ਰਵਿੰਦਰ ਜਡੇਜਾ’ ਸਿਰਲੇਖ ਵਾਲੀ ਵੀਡੀਓ ਵਿਚ ਕਿਹਾ, ‘‘ਜੱਡੂ ਦੀ ਜੁਝਾਰੂ ਪਾਰੀ ਅਸਲ ਵਿਚ ਸ਼ਾਨਦਾਰ ਸੀ।’’ ਭਾਰਤੀ ਟੀਮ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਲੜਖੜਾ ਗਈ ਸੀ ਤੇ ਉਸਦੇ ਟਾਪ-8 ਬੱਲੇਬਾਜ਼ 40 ਓਵਰਾਂ ਤੋਂ ਵੀ ਘੱਟ ਸਮੇਂ ਤੱਕ ਟਿਕ ਸਕੇ ਪਰ 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਜਡੇਜਾ ਨੇ ਦ੍ਰਿੜ੍ਹਤਾ ਨਾਲ ਕੰਮ ਕੀਤਾ ਤੇ ਪੁਛੱਲੇ ਬੱਲੇਬਾਜ਼ਾਂ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨਾਲ ਮਿਲ ਕੇ ਸਾਹਸ ਤੇ ਸਬਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੁਮਰਾਹ ਨੇ 54 ਗੇਂਦਾਂ ਦਾ ਸਾਹਮਣਾ ਕਰਦੇ ਹੋਏ 5 ਦੌੜਾਂ ਤੇ ਸਿਰਾਜ ਨੇ 30 ਗੇਂਦਾਂ ਵਿਚ 4 ਦੌੜਾਂ ਬਣਾਈਆਂ। ਭਾਰਤ 74.5 ਓਵਰਾਂ ਵਿਚ 170 ਦੌੜਾਂ ’ਤੇ ਆਊਟ ਹੋ ਗਿਆ ਤੇ ਇਸ ਤਰ੍ਹਾਂ ਨਾਲ 5 ਮੈਚਾਂ ਦੀ ਲੜੀ ਵਿਚ 1-2 ਨਾਲ ਪਿੱਛੇ ਹੋ ਗਿਆ।
ਸਹਾਇਕ ਕੋਚ ਰਿਆਨ ਟੇਨ ਡੋਏਸ਼ਕਾਟੇ ਨੇ ਵੀ ਕਿਹਾ, ‘‘ਜਡੇਜਾ ਦੀ ਬੱਲੇਬਾਜ਼ੀ ਇਕ ਵੱਖਰੇ ਹੀ ਪੱਧਰ ’ਤੇ ਪਹੁੰਚ ਗਈ ਹੈ। ਪਿਛਲੇ ਦੋ ਟੈਸਟਾਂ ਵਿਚ ਉਸ ਨੇ ਜਿਹੜਾ ਸਬਰ ਦਿਖਾਇਆ, ਉਹ ਅਸਲ ਵਿਚ ਸ਼ਲਾਘਾਯੋਗ ਹੈ। ਮੈਂ ਉਸ ਨੂੰ ਸਾਲਾਂ ਤੋਂ ਖੇਡਦੇ ਹੋਏ ਦੇਖ ਰਿਹਾ ਹਾਂ। ਮੈਂ ਦੇਖਿਆ ਹੈ ਕਿ ਉਸ ਨੇ ਆਪਣੀ ਖੇਡ ਨੂੰ ਕਿਵੇਂ ਨਿਖਾਰਿਆ ਹੈ। ਉਸਦਾ ਡਿਫੈਂਸ ਬਹੁਤ ਮਜ਼ਬੂਤ ਹੈ ਤੇ ਉਹ ਇਕ ਬਿਹਤਰੀਨ ਬੱਲੇਬਾਜ਼ ਲੱਗਦਾ ਹੈ।’’
ਭਾਰਤ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਕਿਹਾ, ‘‘ਮੈਨੂੰ ਹਮੇਸ਼ਾ ਲੱਗਦਾ ਸੀ ਕਿ ਉਸ ਵਿਚ ਦਬਾਅ ਝੱਲਣ ਦੀ ਸਮਰੱਥਾ ਹੈ। ਉਹ ਆਮ ਤੌਰ ’ਤੇ ਕੁਝ ਅਜਿਹਾ ਕਰਦਾ ਹੈ, ਜਿਸ ਦੀ ਟੀਮ ਨੂੰ ਕਿਸੇ ਵੀ ਚੁਣੌਤੀਪੂਰਨ ਹਾਲਾਤ ਵਿਚ ਲੋੜ ਪੈਂਦੀ ਹੈ। ਉਹ ਟੀਮ ਲਈ ਵਾਕਈ ਬਹੁਤ ਕੀਮਤੀ ਹੈ।’’
ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਕਿਹਾ, ‘‘ਉਸਦੇ ਵਰਗਾ ਖਿਡਾਰੀ ਮਿਲਣਾ ਬਹੁਤ ਮੁਸ਼ਕਿਲ ਹੈ। ਅਸੀਂ ਲੱਕੀ ਹਾਂ ਕਿ ਸਾਡੀ ਟੀਮ ਵਿਚ ਅਜਿਹਾ ਖਿਡਾਰੀ ਹੈ।