ਵਨ ਡੇ ’ਚ ਸਫਲਤਾ ਤੋਂ ਬਾਅਦ ਰਿਜ਼ਵਾਨ ਦੀਆਂ ਨਜ਼ਰਾਂ ਆਸਟ੍ਰੇਲੀਆ ’ਚ ਟੀ-20 ਕੌਮਾਂਤਰੀ ਲੜੀ ਜਿੱਤਣ ’ਤੇ
Wednesday, Nov 13, 2024 - 01:58 PM (IST)
ਕਰਾਚੀ– ਪਾਕਿਸਤਾਨ ਦੇ ਸਫੈਦ ਗੇਂਦ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੂੰ ਆਸਟ੍ਰੇਲੀਆ ਵਿਚ ਆਗਾਮੀ ਟੀ-20 ਕੌਮਾਂਤਰੀ ਲੜੀ ਜਿੱਤਣ ਦਾ ਭਰੋਸਾ ਹੈ ਤੇ ਉਹ ਘਰੇਲੂ ਟੀਮ ’ਤੇ ਕਲੀਨ ਸਵੀਪ ਕਰਨ ’ਤੇ ਨਜ਼ਰਾਂ ਲਾਈ ਹੋਏ ਹੈ। ਰਿਜ਼ਵਾਨ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ 2002 ਤੋਂ ਬਾਅਦ ਪਹਿਲੀ ਵਾਰ ਆਸਟ੍ਰੇਲੀਆ ਨੂੰ ਉਸੇ ਦੀ ਧਰਤੀ ’ਤੇ ਵਨ ਡੇ ਲੜੀ ਵਿਚ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਆਸਟ੍ਰੇਲੀਅਨ ਟੀਮ ਮੈਨੇਜਮੈਂਟ ਨੇ ਪਰਥ ਵਿਚ ਫੈਸਲਾਕੁੰਨ ਵਨ ਡੇ ਵਿਚ ਆਪਣੇ 5 ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਸੀ। ਇਸ ਅਹਿਮ ਮੈਚ ਵਿਚ ਖਿਡਾਰੀਆਂ ਨੂੰ ਆਰਾਮ ਦੇਣ ਦੀ ਸਾਬਕਾ ਖਿਡਾਰੀਆਂ ਨੇ ਕਾਫੀ ਆਲੋਚਨਾ ਕੀਤੀ ਜਦਕਿ ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਨੇ ਵੀ ਇਸ ਨਤੀਜੇ ’ਤੇ ਨਿਰਾਸ਼ਾ ਜਤਾਈ ਸੀ। ਪਾਕਿਸਤਾਨ ਦਾ ਸਫੈਦ ਗੇਂਦ ਦਾ ਕੋਚ ਜੈਸਨ ਗਿਲੇਸਪੀ ਕਹਿ ਚੁੱਕਾ ਹੈ ਕਿ ਇਹ ਦੇਖਣਾ ਨਿਰਾਸ਼ਾਜਨਕ ਸੀ ਕਿ ਕ੍ਰਿਕਟ ਆਸਟ੍ਰੇਲੀਆ ਨੇ ਪਾਕਿਸਤਾਨ-ਆਸਟ੍ਰੇਲੀਆ ਲੜੀ ਨੂੰ ਇੰਨਾ ਪ੍ਰਮੋਟ ਨਹੀਂ ਕੀਤਾ।
ਰਿਜ਼ਵਾਨ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਟੀਮ ਇਕਜੁੱਟ ਹੋ ਕੇ ਖੇਡਦੀ ਹੈ ਤਾਂ ਉਸਦੇ ਕੋਲ ਟੀ-20 ਲੜੀ ਵਿਚ ਵੀ ਕਲੀਨ ਸਵੀਪ ਕਰਨ ਦਾ ਪੂਰਾ ਮੌਕਾ ਹੈ। ਰਿਜ਼ਵਾਨ ਨੇ ਕਿਹਾ, ‘‘ਅਸੀਂ ਵਨ ਡੇ ਲੜੀ ਜਿੱਤਣ ਦਾ ਜਸ਼ਨ ਮਨਾਇਆ, ਉਹ ਠੀਕ ਹੈ ਕਿਉਂਕਿ ਕਿਸੇ ਨੇ ਵੀ ਆਸਟ੍ਰੇਲੀਆ ਵਿਚ ਸਾਡੇ ਜਿੱਤਣ ਦੀ ਉਮੀਦ ਨਹੀਂ ਕੀਤੀ ਸੀ ਪਰ ਨਾਲ ਹੀ ਸਾਰੇ ਖਿਡਾਰੀਆਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਪਾਕਿਸਤਾਨ ਦੇ ਦੂਤ ਹਨ ਤੇ ਉਨ੍ਹਾਂ ਨੂੰ ਦੌਰੇ ’ਤੇ ਹਰ ਸਮੇਂ ਚੰਗਾ ਵਰਤਾਓ ਕਰਨਾ ਚਾਹੀਦਾ ਹੈ।’’