ਸੜਕ ਹਾਦਸੇ ਮਗਰੋਂ ਰਿਸ਼ਭ ਪੰਤ ਦਾ ਪਹਿਲਾ ਟਵੀਟ, ਆਪਣੀ Surgery ਤੇ Recovery ਬਾਰੇ ਸਾਂਝੀ ਕੀਤੀ ਜਾਣਕਾਰੀ
Monday, Jan 16, 2023 - 09:59 PM (IST)
ਸਪੋਰਟਸ ਡੈਸਕ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰਿਸ਼ਭ ਪੰਤ ਨੇ ਕਾਰ ਹਾਦਸੇ ਤੋਂ ਬਾਅਦ ਪਹਿਲੀ ਵਾਰ ਆਪਣੀ ਮੌਜੂਦਾ ਸਥਿਤੀ ਬਾਰੇ ਟਵੀਟ ਕੀਤਾ ਹੈ। ਪੰਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ ਅਤੇ ਉਹ ਹੁਣ ਸੱਟ ਤੋਂ ਉਭਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਸਕੱਤਰ ਜੈ ਸ਼ਾਹ ਦਾ ਵੀ ਧੰਨਵਾਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਰਾਹੁਲ ਗਾਂਧੀ ਦਾ ਮੂਸੇਵਾਲਾ ਦੇ ਪਿਤਾ ਨੂੰ ਸਲਾਮ, ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ 'ਚ ਮੌਤ, ਪੜ੍ਹੋ TOP 10
ਦੱਸ ਦੇਈਏ ਕਿ ਰਿਸ਼ਭ ਪੰਤ ਦਾ 30 ਦਸੰਬਰ ਨੂੰ ਸਵੇਰੇ ਦਿੱਲੀ ਤੋਂ ਰੁੜਕੀ ਜਾਂਦਿਆਂ ਕਾਰ ਹਾਦਸਾ ਹੋਇਆ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਪਰ ਖੁਸ਼ਕਿਸਮਤੀ ਨਾਲ ਪੰਤ ਸਹੀ ਸਮੇਂ 'ਤੇ ਕਾਰ 'ਚੋਂ ਬਾਹਰ ਨਿਕਲ ਗਏ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਦੇਹਰਾਦੂਨ ਦੇ ਮੈਕਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਸ ਦੇ ਮੱਥੇ 'ਤੇ ਦੋ ਕੱਟ ਹਨ ਅਤੇ ਉਸ ਦੇ ਸੱਜੇ ਗੋਡੇ ਦਾ ਲਿਗਾਮੈਂਟ ਪਾੜ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਪੈਰਾਂ ਦੀਆਂ ਉਂਗਲਾਂ ਅਤੇ ਪਿੱਠ 'ਤੇ ਵੀ ਸੱਟਾਂ ਲੱਗੀਆਂ ਸਨ।
ਦੇਹਰਾਦੂਨ ਵਿਚ ਸ਼ੁਰੂਆਤੀ ਇਲਾਜ ਤੋਂ ਬਾਅਦ, ਉਸ ਨੂੰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਭੇਜ ਦਿੱਤਾ ਗਿਆ, ਜਿੱਥੇ ਉਸ ਦੇ ਗੋਡੇ ਦੀ ਸਫ਼ਲ ਸਰਜਰੀ ਹੋਈ। ਪੰਤ ਨੇ ਹੁਣ ਆਪਣੀ ਹਾਲਤ ਬਾਰੇ ਟਵੀਟ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕੁੱਤੇ ਤੋਂ ਬਚਣ ਦੇ ਚੱਕਰ 'ਚ Swiggy Delivery Boy ਨੇ ਚੁੱਕਿਆ ਅਜਿਹਾ ਕਦਮ ਕਿ ਗੁਆਣੀ ਪਈ ਜਾਨ
ਪੰਤ ਨੇ ਟਵੀਟ ਵਿਚ ਲਿਖਿਆ, "ਮੈਂ ਸਾਰੇ ਸਮਰਥਨ ਅਤੇ ਸ਼ੁਭਕਾਮਨਾਵਾਂ ਲਈ ਨਿਮਰ ਅਤੇ ਸ਼ੁਕਰਗੁਜ਼ਾਰ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫਲ ਰਹੀ। ਰਿਕਵਰੀ ਦਾ ਸਫਰ ਸ਼ੁਰੂ ਹੋ ਗਿਆ ਹੈ ਅਤੇ ਮੈਂ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਹਾਂ। BCCI, ਜੈ ਸ਼ਾਹ ਅਤੇ ਸਰਕਾਰੀ ਅਧਿਕਾਰੀਆਂ ਦਾ ਇੰਨੇ ਸਹਿਯੋਗ ਲਈ ਧੰਨਵਾਦ।"
ਪੰਤ ਨੇ ਇਕ ਹੋਰ ਟਵੀਟ ਕਰਦਿਆਂ ਆਪਣੇ ਸਾਰੇ ਪ੍ਰਸ਼ੰਸਕਾਂ, ਟੀਮ ਦੇ ਸਾਥੀਆਂ, ਡਾਕਟਰਾਂ ਤੇ ਫੀਜ਼ੀਓਸ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਪੰਤ ਨੇ ਲਿਖਿਆ ਕਿ ਤੁਹਾਨੂੰ ਸਾਰਿਆਂ ਨੂੰ ਮੈਦਾਨ ਵਿਚ ਵੇਖਣ ਦੀ ਉਡੀਕ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।