ਵਨਡੇ ''ਚ ਵਿਰਾਟ ਦੀ ਬਾਦਸ਼ਾਹਤ ਬਰਕਰਾਰ

08/19/2017 2:41:04 AM

ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਦੀ ਸ਼ੁੱਕਰਵਾਰ ਨੂੰ ਜਾਰੀ ਤਾਜ਼ਾ ਵਨ ਡੇ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਬਣਿਆ ਹੋਇਆ ਹੈ। ਕੋਹਲੀ ਦੇ 873 ਅੰਕ ਹਨ ਤੇ ਸ਼੍ਰੀਲੰਕਾ ਵਿਰੁੱਧ ਐਤਵਾਰ ਤੋਂ ਦਾਂਬੁਲਾ 'ਚ ਸ਼ੁਰੂ ਹੋਣ ਵਾਲੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੌਰਾਨ ਉਸ ਕੋਲ ਦੂਜੇ ਨੰਬਰ 'ਤੇ ਕਾਬਜ਼ ਆਸਟ੍ਰੇਲੀਆ ਦੇ ਡੇਵਿਡ ਵਾਰਨਰ 'ਤੇ ਚੰਗੀ ਬੜ੍ਹਤ ਬਣਾਉਣ ਦਾ ਚੰਗਾ ਮੌਕਾ ਰਹੇਗਾ। ਇਨ੍ਹਾਂ ਦੋਵਾਂ ਵਿਚਾਲੇ ਅਜੇ 12 ਅੰਕਾਂ ਦਾ ਫਰਕ ਹੈ।
ਹੋਰਨਾਂ ਭਾਰਤੀ ਬੱਲੇਬਾਜ਼ਾਂ 'ਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (12ਵੇਂ), ਸ਼ਿਖਰ ਧਵਨ (13ਵੇਂ) ਤੇ ਉਪ-ਕਪਤਾਨ ਰੋਹਿਤ ਸ਼ਰਮਾ (14ਵੇਂ) ਟਾਪ-15 'ਚ ਸ਼ਾਮਲ ਹਨ। ਹਾਲਾਂਕਿ ਕੋਈ ਵੀ ਭਾਰਤੀ ਗੇਂਦਬਾਜ਼ ਟਾਪ-10 'ਚ ਸ਼ਾਮਲ ਨਹੀਂ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ (13ਵੇਂ) ਟਾਪ-15 'ਚ ਸ਼ਾਮਲ ਇਕਲੌਤਾ ਭਾਰਤੀ ਗੇਂਦਬਾਜ਼ ਹੈ। ਆਈ. ਸੀ. ਸੀ. ਵਨ ਡੇ ਟੀਮ ਰੈਂਕਿੰਗ 'ਚ ਭਾਰਤ ਅਜੇ ਨੰਬਰ ਤਿੰਨ 'ਤੇ ਹੈ ਤੇ ਉਸ ਨੂੰ ਇਸ ਜਗ੍ਹਾ 'ਤੇ ਬਣੇ ਰਹਿਣ ਲਈ ਆਗਾਮੀ ਲੜੀ 4-1 ਨਾਲ ਜਿੱਤਣੀ ਪਵੇਗੀ। ਭਾਰਤ ਦੇ ਅਜੇ 114 ਅੰਕ ਹਨ ਤੇ ਜੇਕਰ ਉਹ 3-2 ਨਾਲ ਵੀ ਲੜੀ ਜਿੱਤਦਾ ਹੈ ਤਾਂ ਉਸ ਦੇ 113 ਅੰਕ ਹੋ ਜਾਣਗੇ ਤੇ ਉਹ ਦਸ਼ਮਲਵ ਦੀ ਗਣਨਾ ਕਰਨ 'ਤੇ ਇੰਗਲੈਂਡ ਤੋਂ ਪਿੱਛੇ ਖਿਸਕ ਜਾਵੇਗਾ, ਜਿਹੜਾ ਅਜੇ ਚੌਥੇ ਨੰਬਰ 'ਤੇ ਹੈ।


Related News