ਕੋਹਲੀ ਦੀ ਫੀਲਡਿੰਗ ਦੇਖ ਜੋਂਟੀ ਰੋਡਜ਼ ਦੀ ਆਈ ਯਾਦ, ਛਲਾਂਗ ਲਗਾ ਬੱਲੇਬਾਜ਼ ਨੂੰ ਕੀਤਾ ਰਨਆਊਟ

02/05/2020 4:56:04 PM

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਜਾ ਰਹੀ ਹੈ ਜਿਸ ਵਿਚ ਟੀਮ ਇੰਡੀਆ ਨੂੰ ਪਹਿਲੇ ਮੁਕਾਬਲੇ ਵਿਚ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਊਜ਼ੀਲੈਂਡ ਵੱਲੋਂ ਰਾਸ ਟੇਲਰ ਨੇ ਸ਼ਾਨਦਾਰ ਸੈਂਕੜਾ ਲਾਇਆ, ਜਿਸ ਦੀ ਬਦੌਲਤ ਭਾਰਤ ਨੂੰ ਪਹਿਲੇ ਮੁਕਾਬਲੇ ਵਿਚ ਹਾਰ ਝਲਣੀ ਪਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ 348 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਇੰਡੀਆ ਦੇ ਗੇਂਦਬਾਜ਼ ਬਚਾਉਣ 'ਚ ਅਸਫਲ ਰਹੇ।

ਭਾਰਤੀ ਟੀਮ ਵੱਲੋਂ ਸ਼੍ਰੇਅਸ ਅਈਅਰ ਨੇ ਆਪਣਾ ਡੈਬਿਊ ਵਨ ਡੇ ਸੈਂਕੜਾ ਲਾਇਆ, ਉੱਥੇ ਹੀ ਸ਼ਾਨਦਾਰ ਫਾਰਮ 'ਚ ਚੱਲ ਰਹੇ ਕੇ. ਐੱਲ. ਰਾਹੁਲ ਨੇ ਵੀ ਅਜੇਤੂ 88 ਦੌੜਾਂ ਦੀ ਪਾਰੀ ਖੇਡੀ। ਕਪਤਾਨ ਕੋਹਲੀ ਨੇ ਵੀ ਅਰਧ ਸੈਂਕੜਾ ਲਾਇਆ ਪਰ ਇਸ ਮੈਚ ਨੂੰ ਉਸ ਦੀ ਸ਼ਾਨਦਾਰ ਫੀਲਡਿੰਗ ਲਈ ਯਾਦ ਰੱਖਿਆ ਜਾਵੇਗਾ। ਕੋਹਲੀ ਨੇ ਛਲਾਂਗ ਲਗਾ ਕੇ ਸੈਂਕੜੇ ਵਲ ਵੱਧ ਰਹੇ ਹੈਨਰੀ ਨਿਕੋਲਸ ਨੂੰ ਰਨਆਊਟ ਕੀਤਾ।

ਦਰਅਸਲ ਮੈਚ ਦੀ ਦੂਜੀ ਪਾਰੀ ਵਿਚ ਨਿਊਜ਼ੀਲੈਂਡ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਅਤੇ ਤੀਜੀ ਵਿਕਟ ਲਈ ਹੈਨਰੀ ਨਿਕੋਲਸ ਅਤੇ ਰਾਸ ਟੇਲਰ ਵਿਚਾਲੇ ਮਜ਼ਬੂਤ ਸਾਂਝੇਦਾਰੀ ਹੋ ਚੁੱਕੀ ਸੀ। ਨਿਕੋਲਸ 82 ਗੇਂਦਾਂ 'ਤੇ 78 ਦੌੜਾਂ ਬਣਾ ਕੇ ਖੇਡ ਰਹੇ ਸੀ। ਅਜਿਹੇ 'ਚ ਭਾਰਤੀ ਗੇਂਦਬਾਜ਼ਾਂ ਨੂੰ ਵਿਕਟ ਦੀ ਭਾਲ ਸੀ ਤਦ ਬੁਮਰਾਹ ਦੇ 28ਵੇਂ ਓਵਰ ਦੀ ਤੀਜੀ ਗੇਂਦ ਟੇਲਰ ਦੇ ਪੈਡ 'ਤੇ ਲੱਗ ਕੇ ਕਵਰ ਵਲ ਗਈ ਅਤੇ ਕੀਵੀ ਬੱਲੇਬਾਜ਼ ਵੀ ਦੌੜ ਲੈਣ ਲਈ ਭੱਜੇ। ਉੱਥੇ ਹੀ ਦੌੜ ਲੈਣ ਤੋਂ ਰੋਕਣ ਲਈ ਕਵਰ ਦਿਸ਼ਾ ਵੱਲ ਖੜੇ ਵਿਰਾਟ ਕੋਹਲੀ ਨੇ ਭੱਜ ਕੇ ਗੇਂਦ ਨੂੰ ਚੱਕਿਆ ਅਤੇ ਛਲਾਂਗ ਲਗਾ ਕੇ ਗੇਂਦ ਸਟੰਪਸ ਵੱਲ ਮਾਰੀ। ਵਿਰਾਟ ਦੀ ਛਲਾਂਗ ਦੇ ਅੱਗੇ ਨਿਕੋਲਸ ਦੀ ਰਫਤਾਰ ਵੀ ਕੰਮ ਨਹੀਂ ਆਈ ਅਤੇ ਉਹ ਰਨ ਆਊਟ ਹੋ ਕੇ ਪਵੇਲੀਅਨ ਪਰਤ ਗੇਏ। ਇਸ ਸ਼ਾਨਦਾਰ ਫੀਲਡਿੰਗ ਨੂੰ ਦੇਖ ਹਰ ਕੋਈ ਹੈਰਾਨ ਸੀ, ਉੱਥੇ ਹੀ ਕੁਮੈਂਟਟੇਰ ਵੀ ਕੋਹਲੀ ਦੀ ਸ਼ਲਾਘਾ ਕੀਤੇ ਬਿਨਾ ਨਹੀਂ ਰਹਿ ਸਕੇ।


Related News