ਹਾਰ ਨਾਲ ਰੀਅਲ ਮੈਡਰਿਡ ਨੇ ਕੀਤੀ ਸੈਸ਼ਨ ਦੀ ਸਮਾਪਤੀ

05/20/2019 1:17:02 AM

ਮੈਡਰਿਡ — ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿਚ ਰੀਅਲ ਮੈਡਰਿਡ ਦਾ ਸਫ਼ਰ ਐਤਵਾਰ ਨੂੰ ਰੀਅਲ ਬੇਟਿਸ ਖ਼ਿਲਾਫ਼ ਘਰੇਲੂ ਮੈਦਾਨ 'ਚ 0-2 ਦੀ ਹਾਰ ਨਾਲ ਸਮਾਪਤ ਹੋ ਗਿਆ। ਇਸ ਸੈਸ਼ਨ ਵਿਚ ਇਹ ਰੀਅਲ ਦੀ ਕੁੱਲ 12ਵੀਂ ਹਾਰ ਰਹੀ। ਮੈਚ ਖਤਮ ਹੋਣ ਤੋਂ ਪਹਿਲਾਂ ਹੀ ਕਾਫੀ ਦਰਸ਼ਕ ਸਟੇਡੀਅਮ ਛੱਡ ਕੇ ਮੁੜ ਗਏ ਤੇ ਜੋ ਥੋੜ੍ਹੇ ਰਹਿ ਗਏ ਸਨ ਉਨ੍ਹਾਂ ਨੇ ਖਿਡਾਰੀਆਂ ਦਾ ਮਜ਼ਾਕ ਉਡਾਇਆ। ਇਸ ਮੁਕਾਬਲੇ ਵਿਚ ਗੇਰੇਥ ਬੇਲ, ਟਾਨੀ ਕਰੂਜ ਤੇ ਥਿਬਾਟ ਕਾਰਟੋਇਸ ਨੂੰ ਰੀਅਲ ਦੇ ਮੈਨੇਜਰ ਜਿਨੇਦਿਨ ਜਿਦਾਨ ਨੇ ਬੈਂਚ 'ਤੇ ਬਿਠਾਇਆ। ਸੰਭਵ ਤੌਰ 'ਤੇ ਬੇਲ ਇਸ ਸੈਸ਼ਨ ਤੋਂ ਬਾਅਦ ਰੀਅਲ ਨਾਲ ਨਜ਼ਰ ਨਹੀਂ ਆਉਣਗੇ। ਮੁਕਾਬਲੇ ਦੇ 61ਵੇਂ ਮਿੰਟ ਵਿਚ ਬੇਟਿਸ ਦੇ ਸਟ੍ਰਾਈਕਰ ਲੋਰੇਨ ਮੋਰੋਨ ਨੇ ਗੋਲ ਕਰ ਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਜਦਕਿ ਜੇਸੇ ਨੇ 75ਵੇਂ ਮਿੰਟ ਵਿਚ ਗੋਲ ਕਰ ਕੇ ਬੇਟਿਸ ਨੂੰ 2-0 ਨਾਲ ਅੱਗੇ ਕਰ ਦਿੱਤਾ। ਮੈਡਰਿਡ ਅੰਕ ਸੂਚੀ ਵਿਚ ਕੁੱਲ 68 ਅੰਕਾਂ ਨਾਲ ਤੀਜੇ ਸਥਾਨ 'ਤੇ ਰਿਹਾ ਜਦਕਿ 1998-99 ਤੋਂ ਬਾਅਦ ਉਸ ਨੂੰ ਪਹਿਲੀ ਵਾਰ ਲੀਗ ਵਿਚ 12 ਮੁਕਾਬਲੇ ਹਾਰਨ ਲਈ ਮਜਬੂਰ ਹੋਣਾ ਪਿਆ।

PunjabKesari


Gurdeep Singh

Content Editor

Related News