''ਕੋਈ ਨਹੀਂ ਦੇਖੇਗਾ T20 ਵਿਸ਼ਵ ਕੱਪ...!'', ICC ''ਤੇ ਭੜਕੇ ਅਸ਼ਵਿਨ, ਦੱਸੀ ਵੱਡੀ ਵਜ੍ਹਾ
Friday, Jan 02, 2026 - 06:17 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਾਬਕਾ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਆਗਾਮੀ ਆਈ.ਸੀ.ਸੀ. ਟੀ-20 ਵਰਲਡ ਕੱਪ ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) 'ਤੇ ਤਿੱਖਾ ਨਿਸ਼ਾਨਾ ਵਿੰਨ੍ਹਆ ਹੈ। ਅਸ਼ਵਿਨ ਦਾ ਮੰਨਣਾ ਹੈ ਕਿ ਆਈ.ਸੀ.ਸੀ. ਟੂਰਨਾਮੈਂਟਾਂ ਦੀ ਜ਼ਰੂਰਤ ਤੋਂ ਜ਼ਿਆਦਾ ਵਧਦੀ ਗਿਣਤੀ ਅਤੇ ਟੀਮਾਂ ਵਿਚਾਲੇ ਵਧ ਰਿਹਾ 'ਕੁਆਲਿਟੀ ਗੈਪ' ਦਰਸ਼ਕਾਂ ਦੀ ਦਿਲਚਸਪੀ ਨੂੰ ਖਤਮ ਕਰ ਰਿਹਾ ਹੈ।
ਅਸ਼ਵਿਨ ਨੇ ਆਪਣੇ ਯੂਟਿਊਬ ਚੈਨਲ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਸ਼ਾਇਦ ਹੀ ਕੋਈ ਟੀ-20 ਵਰਲਡ ਕੱਪ ਦੇਖਣਾ ਪਸੰਦ ਕਰੇ। ਉਨ੍ਹਾਂ ਮੁਤਾਬਕ, ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਹੁਣ ਇੱਕਤਰਫਾ ਹੋ ਗਏ ਹਨ ਕਿਉਂਕਿ ਵੱਡੀਆਂ ਅਤੇ ਛੋਟੀਆਂ ਟੀਮਾਂ ਵਿਚਾਲੇ ਪਾੜਾ ਬਹੁਤ ਵੱਧ ਗਿਆ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਭਾਰਤ ਬਨਾਮ ਯੂ.ਐੱਸ.ਏ. ਅਤੇ ਭਾਰਤ ਬਨਾਮ ਨਾਮੀਬੀਆ ਵਰਗੇ ਮੁਕਾਬਲੇ ਪ੍ਰਸ਼ੰਸਕਾਂ ਨੂੰ ਵਰਲਡ ਕੱਪ ਤੋਂ ਦੂਰ ਕਰ ਦੇਣਗੇ।
ਅਸ਼ਵਿਨ ਨੇ ਬਹੁਤ ਹੀ ਰੁੱਝੇ ਹੋਏ ਅੰਤਰਰਾਸ਼ਟਰੀ ਸ਼ੈਡਿਊਲ 'ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਰਲਡ ਕੱਪ ਚਾਰ ਸਾਲਾਂ ਵਿੱਚ ਇੱਕ ਵਾਰ ਹੁੰਦਾ ਸੀ, ਜਿਸ ਨਾਲ ਲੋਕਾਂ ਵਿੱਚ ਉਤਸ਼ਾਹ ਬਣਿਆ ਰਹਿੰਦਾ ਸੀ ਅਤੇ ਸ਼ੁਰੂਆਤੀ ਦੌਰ ਵਿੱਚ ਵੀ ਭਾਰਤ ਦਾ ਸਾਹਮਣਾ ਇੰਗਲੈਂਡ ਜਾਂ ਸ਼੍ਰੀਲੰਕਾ ਵਰਗੀਆਂ ਮਜ਼ਬੂਤ ਟੀਮਾਂ ਨਾਲ ਹੁੰਦਾ ਸੀ। ਜ਼ਿਕਰਯੋਗ ਹੈ ਕਿ 2010 ਤੋਂ ਬਾਅਦ ਹਰ ਸਾਲ ਕੋਈ ਨਾ ਕੋਈ ਆਈ.ਸੀ.ਸੀ. ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਜਿਸ ਵਿੱਚ 2024 ਦਾ ਟੀ-20 ਵਰਲਡ ਕੱਪ, 2025 ਦੀ ਚੈਂਪੀਅਨਜ਼ ਟਰਾਫੀ ਅਤੇ ਹੁਣ 2026 ਦਾ ਟੀ-20 ਵਰਲਡ ਕੱਪ ਸ਼ਾਮਲ ਹੈ।
ਆਈ.ਸੀ.ਸੀ. ਪੁਰਸ਼ ਟੀ-20 ਵਰਲਡ ਕੱਪ 2026 ਦਾ ਆਯੋਜਨ 7 ਫਰਵਰੀ ਤੋਂ ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਵਿੱਚ ਹੋਵੇਗਾ। ਇਸ ਟੂਰਨਾਮੈਂਟ ਵਿੱਚ 20 ਟੀਮਾਂ ਹਿੱਸਾ ਲੈਣਗੀਆਂ ਅਤੇ ਭਾਰਤ ਮੌਜੂਦਾ ਚੈਂਪੀਅਨ ਵਜੋਂ ਮੈਦਾਨ ਵਿੱਚ ਉਤਰੇਗਾ। ਮੇਜ਼ਬਾਨ ਭਾਰਤ ਦਾ ਪਹਿਲਾ ਮੁਕਾਬਲਾ ਸੰਯੁਕਤ ਰਾਜ ਅਮਰੀਕਾ (USA) ਵਿਰੁੱਧ ਹੋਣਾ ਤੈਅ ਹੈ, ਜਿਸ ਨੂੰ ਲੈ ਕੇ ਅਸ਼ਵਿਨ ਨੇ ਸਭ ਤੋਂ ਵੱਧ ਸਵਾਲ ਖੜ੍ਹੇ ਕੀਤੇ ਹਨ।
