ਜਦੋਂ ਅਸ਼ਵਿਨ ਨੂੰ ਵਿਰੋਧੀ ਟੀਮ ਨੇ ਅਗਵਾ ਕਰਕੇ ਉਂਗਲਾਂ ਵੱਢਣ ਦੀ ਦਿੱਤੀ ਸੀ ਧਮਕੀ
Monday, Feb 17, 2020 - 01:04 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਫਿਰਕੀ ਦਾ ਕੋਈ ਜਵਾਬ ਨਹੀਂ ਹੈ। ਲੰਬੇ ਕਦ ਦੇ ਇਸ ਗੇਂਦਬਾਜ਼ ਨੇ ਕਈ ਵਾਰ ਆਪਣੀ ਚਮਤਕਾਰੀ ਗੇਂਦ ਨਾਲ ਭਾਰਤ ਨੂੰ ਜੇਤੂ ਬਣਾਇਆ। 21 ਫਰਵਰੀ ਤੋਂ ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ 'ਚ ਵੀ ਅਸ਼ਵਿਨ ਆਪਣਾ ਦਮ ਦਿਖਾਉਂਦੇ ਨਜ਼ਰ ਆਉਣਗੇ। ਇਸ ਗੇਂਦਬਾਜ਼ ਦੇ ਪ੍ਰਦਰਸ਼ਨ ਅਤੇ ਰਿਕਾਰਡਸ ਦੇ ਕਈ ਕਿੱਸੇ ਤੁਸੀਂ ਸੁਣੇ-ਸੁਣਾਏ ਹੋਣਗੇ। ਪਰ, ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦੀ ਗੇਂਦਬਾਜ਼ੀ ਹੀ ਉਨ੍ਹਾਂ ਲਈ ਇਕ ਵਾਰ ਮੁਸੀਬਤ ਬਣ ਗਈ ਸੀ। ਉਨ੍ਹਾਂ ਨੂੰ ਵਿਰੋਧੀ ਟੀਮ ਦੇ ਖਿਡਾਰੀਆਂ ਨੇ ਅਗਵਾ ਤਕ ਕਰ ਲਿਆ ਸੀ। ਇਹ ਗੱਲ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਪਰ ਇਹ ਸੱਚਾਈ ਹੈ। ਇਸ ਗੱਲ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਸਗੋਂ ਖੁਦ ਰਵੀਚੰਦਰਨ ਅਸ਼ਵਿਨ ਨੇ ਕੀਤਾ ਹੈ। ਕ੍ਰਿਕਬਜ਼ ਦੇ ਇਕ ਖਾਸ ਸ਼ੋਅ 'ਚ ਅਸ਼ਵਿਨ ਨੇ ਦੱਸਿਆ ਕਿ ਜਦੋਂ ਉਹ 14-15 ਸਾਲ ਦੇ ਸਨ ਤਾਂ ਵਿਰੋਧੀ ਟੀਮ ਦੇ ਖਿਡਾਰੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ। ਨਾਲ ਹੀ ਉਸ ਦੀਆਂ ਉਂਗਲਾ ਵੱਢਣ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਬਚਪਨ 'ਚ ਉਹ ਆਪਣੇ ਦੋਸਤਾਂ ਨਾਲ ਟੂਰਨਾਮੈਂਟ ਖੇਡਦੇ ਸਨ। ਇਕ ਵਾਰ ਉਨ੍ਹਾਂ ਦੀ ਟੀਮ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੀ ਸੀ। ਇਸ ਤੋਂ ਬਾਅਦ ਉਹ ਆਪਣੇ ਘਰ ਤੋਂ ਬਾਹਰ ਨਿਕਲ ਹੀ ਰਹੇ ਸਨ ਕਿ ਉਸੇ ਸਮੇਂ 4-5 ਲੜਕੇ ਬਾਈਕ 'ਤੇ ਆ ਗਏ। ਉਨ੍ਹਾਂ ਨੂੰ ਪੁੱਛਿਆ ਤਾਂ ਜਵਾਬ ਮਿਲਿਆ ਕਿ ਅਸੀਂ ਤੈਨੂੰ ਲੈਣ ਆਏ ਹਾਂ। ਇਹ ਸੁਣ ਕੇ ਅਸ਼ਵਿਨ ਨੂੰ ਲੱਗਾ ਕਿ ਵਾਹ ਫਾਈਨਲ 'ਚ ਪਹੁੰਚਦੇ ਹੀ ਲੋਕ ਰਿਸੀਵ ਕਰਨ ਲਈ ਆਏ ਹਨ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਚਾਹ ਦੀ ਦੁਕਾਨ 'ਤੇ ਚਲੇ ਗਏ ਜਿੱਥੇ ਉਨ੍ਹਾਂ ਲਈ ਕੁਝ ਖਾਣ ਦਾ ਆਰਡਰ ਵੀ ਹੋਇਆ। ਮੈਚ ਦਾ ਸਮਾਂ ਨਜ਼ਦੀਕ ਆਇਆ ਤਾਂ ਅਸ਼ਵਿਨ ਨੇ ਜਾਣ ਦੀ ਇੱਛਾ ਜਤਾਈ। ਉਸ ਤੋਂ ਬਾਅਦ ਉਨ੍ਹਾਂ ਮੁੰਡਿਆਂ ਨੇ ਦੱਸਿਆ ਕਿ ਦਰਅਸਲ ਉਹ ਵਿਰੋਧੀ ਟੀਮ ਦੇ ਹਨ। ਉਨ੍ਹਾਂ ਨੇ ਇਸ ਲਈ ਅਸ਼ਵਿਨ ਨੂੰ ਅਗਵਾ ਕੀਤਾ ਹੈ ਜਿਸ ਕਰਕੇ ਉਹ ਫਾਈਨਲ 'ਚ ਨਾ ਖੇਡ ਸਕੇ। ਉਨ੍ਹਾਂ ਨੇ ਅਸ਼ਵਿਨ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਭੱਜਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਅਸ਼ਵਿਨ ਭਾਰਤੀ ਟੈਸਟ ਟੀਮ ਦਾ ਅਹਿਮ ਹਿੱਸਾ ਹੈ। ਉਸ ਦੀ ਫਿਰਕੀ ਤੋਂ ਵਿਰਾਟ ਬ੍ਰਿਗੇਡ ਨੂੰ ਕਾਫੀ ਉਮੀਦਾਂ ਹੋਣਗੀਆਂ।