ਦਹਾਕੇ ਦੇ ਸਰਵਸ੍ਰੇਸ਼ਠ ਟੀ20 ਖਿਡਾਰੀ ਬਣਨ ’ਤੇ ਰਾਸ਼ਿਦ ਨੇ ਦਿੱਤਾ ਵੱਡਾ ਬਿਆਨ

Monday, Dec 28, 2020 - 09:59 PM (IST)

ਦੁਬਈ- ਸਟਾਰ ਸਪਿਨਰ ਰਾਸ਼ਿਦ ਖਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਰਗੇ ਉੱਭਰਦੇ ਹੋਏ ਦੇਸ਼ ਦੇ ਖਿਡਾਰੀ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਦਹਾਕੇ ਦੇ ਸਰਵਸ੍ਰੇਸ਼ਠ ਟੀ-20 ਅੰਤਰਰਾਸ਼ਟਰੀ ਕ੍ਰਿਕਟਰ ਦਾ ਪੁਰਸਕਾਰ ਜਿੱਤਣਾ ਵਿਸ਼ੇਸ਼ ਉਪਲੱਬਧੀ ਹੈ। 22 ਸਾਲ ਦੇ ਲੈੱਗ ਸਪਿਨਰ ਰਾਸ਼ਿਦ ਪਿਛਲੇ ਇਕ ਦਹਾਕੇ ’ਚ 12.62 ਦੀ ਔਸਤ ਨਾਲ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਸਭ ਤੋਂ ਜ਼ਿਆਦਾ 89 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਹਨ। ਉਨ੍ਹਾਂ ਨੇ ਇਸ ਦੌਰਾਨ ਪਾਰੀ ’ਚ ਤਿੰਨ ਵਾਰ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਅਤੇ ਦੋ ਵਾਰ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ।

PunjabKesari
ਆਈ. ਸੀ. ਸੀ. ਦੇ ਟਵਿੱਟਰ ਅਕਾਊਂਟ ’ਤੇ ਵੀਡੀਓ ਸ਼ੇਅਰ ’ਚ ਰਾਸ਼ਿਦ ਨੇ ਕਿਹਾ ਕਿ ਇਸ ਪੁਰਸਕਾਰ ਤੋਂ ਬਾਅਦ ਮੇਰੇ ਕੋਲ ਕੁਝ ਕਹਿਣ ਦੇ ਲਈ ਸ਼ਬਦ ਨਹੀਂ ਹੈ। ਅਫਗਾਨਿਸਤਾਨ ਦੇ ਕਿਸੇ ਖਿਡਾਰੀ ਦਾ ਇਹ ਪੁਰਸਕਾਰ ਹਾਸਲ ਕਰਨਾ, ਇਹ ਮੇਰੇ ਲਈ ਵਿਸ਼ੇਸ਼ ਉਦਾਹਰਣ ਹੈ, ਮੇਰੇ ਦੇਸ਼ ਅਤੇ ਮੇਰੇ ਪ੍ਰਸ਼ੰਸਕਾਂ ਦੇ ਲਈ। ਆਗਾਮੀ ਸਾਲ ’ਚ ਹੁਣ ਉਸਦਾ ਧਿਆਨ ਆਪਣੇ ਬੱਲੇਬਾਜ਼ੀ ਹੁਨਰ ਨੂੰ ਸੁਧਾਰਨ ’ਤੇ ਰਹੇਗਾ।


ਉਨ੍ਹਾਂ ਨੇ ਕਿਹਾ ਕਿ ਮੈਂ ਪੰਜ ਸਾਲ ਖੇਡ ਚੁੱਕਿਆ ਹਾਂ ਅਤੇ ਮੇਰਾ ਟੀਚਾ 10 ਸਾਲ ਹੋਰ ਖੇਡਣਾ ਹੈ ਤੇ ਵਧੀਆ ਪ੍ਰਦਰਸ਼ਨ ਕਰਨ ਦਾ ਹੈ। ਮੈਂ ਗੇਂਦਬਾਜ਼ੀ ’ਚ ਵਧੀਆ ਕਰ ਰਿਹਾ ਹਾਂ ਅਤੇ ਆਗਾਮੀ ਸਾਲ ’ਚ ਮੈਂ ਬੱਲੇ ਨਾਲ ਵੀ ਯੋਗਦਾਨ ਦੇਣ ’ਤੇ ਧਿਆਨ ਦੇਵਾਂਗਾ। ਕੁਝ ਯਾਦਗਾਰ ਪ੍ਰਦਰਸ਼ਨ ਦੇ ਵਾਰੇ ’ਚ ਰਾਸ਼ਿਦ ਨੇ ਕਿਹਾ ਕਿ ਟੀ-20 ਕ੍ਰਿਕਟ ’ਚ ਮੇਰੇ ਕੋਲ ਬਹੁਤ ਯਾਦਗਾਰ ਪਲ ਹਨ। ਮੈਂ ਆਇਰਲੈਂਡ ਵਿਰੁੱਧ 6 ਦੌੜਾਂ ’ਤੇ 5 ਵਿਕਟਾਂ ਹਾਸਲ ਕੀਤੀਆਂ, ਜਿਸ ’ਚ ਚਾਰ ਗੇਂਦਾਂ ’ਚ ਚਾਰ ਵਿਕਟਾਂ ਵੀ ਸ਼ਾਮਲ ਹਨ। ਇਹ ਯਾਦਗਾਰ ਪ੍ਰਦਰਸ਼ਨ ਸੀ।


ਉਨ੍ਹਾਂ ਨੇ ਕਿਹਾ ਕਿ ਮੈਂ 2016 ਟੀ-20 ਵਿਸ਼ਵ ਕੱਪ ਦੇ ਆਪਣੇ ਪ੍ਰਦਰਸ਼ਨ ਨੂੰ ਨਹੀਂ ਭੁੱਲ ਸਕਦਾ, ਜਿੱਥੇ ਮੈਂ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲਿਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ ਸੀ। ਉਸ ਸਮੇਂ ਚੈਂਪੀਅਨ ਬਣੇ ਵੈਸਟਇੰਡੀਜ਼ ਦੇ ਵਿਰੁੱਧ ਪ੍ਰਦਰਸ਼ਨ ਵੀ ਯਾਦਗਾਰ ਸੀ। ਮੈਂ ਉਸ ਮੈਚ ’ਚ 2 ਵਿਕਟਾਂ ਹਾਸਲ ਕੀਤੀਆਂ ਤੇ ਉਸ ਵਿਸ਼ਵ ਕੱਪ ’ਚ ਮਾਰਲਨ ਦਾ ਵਿਕਟ ਮੇਰੇ ਲਈ ਸਰਵਸ੍ਰੇਸ਼ਠ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News