ਰਣਜੀ ਟਰਾਫੀ ''ਚ ਪੰਜਾਬ ਨੇ ਵਿਦਰਭ ''ਤੇ ਕੱਸਿਆ ਸ਼ਿਕੰਜਾ

Thursday, Dec 26, 2019 - 10:10 AM (IST)

ਰਣਜੀ ਟਰਾਫੀ ''ਚ ਪੰਜਾਬ ਨੇ ਵਿਦਰਭ ''ਤੇ ਕੱਸਿਆ ਸ਼ਿਕੰਜਾ

ਨਾਗਪੁਰ— ਪੰਜਾਬ ਨੇ ਇੱਥੇ ਵਿਦਰਭ ਕ੍ਰਿਕਟ ਅਕੈਡਮੀ ਮੈਦਾਨ 'ਤੇ ਖੇਡੇ ਜਾ ਰਹੇ ਰਣਜੀ ਟਰਾਫੀ ਦੇ ਗਰੁੱਪ-ਏ ਮੈਚ ਵਿਚ ਮੌਜੂਦਾ ਜੇਤੂ ਤੇ ਮੇਜ਼ਬਾਨ ਵਿਦਰਭ ਨੂੰ ਮੈਚ ਦੇ ਪਹਿਲੇ ਦਿਨ ਬੁੱਧਵਾਰ ਨੂੰ ਖ਼ਰਾਬ ਸਥਿਤੀ 'ਚ ਪਹੁੰਚਾ ਦਿੱਤਾ। ਵਿਦਰਭ ਨੇ ਦਿਨ ਦੀ ਖੇਡ ਸਮਾਪਤ ਹੋਣ ਤਕ ਛੇ ਵਿਕਟਾਂ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ ਹਨ। ਪਹਿਲੇ ਦਿਨ ਸਿਰਫ਼ 67 ਓਵਰਾਂ ਦੀ ਖੇਡ ਹੋ ਸਕੀ। ਵਿਦਰਭ ਨੂੰ ਕਿਸੇ ਤਰ੍ਹਾਂ ਗਣੇਸ਼ ਸਤੀਸ਼ ਨੇ ਸੰਭਾਲੇ ਰੱਖਿਆ ਹੈ। ਉਹ 88 ਦੌੜਾਂ ਬਣਾ ਕੇ ਅਜੇਤੂ ਹਨ।

ਉਨ੍ਹਾਂ ਨਾਲ ਆਦਿਤਿਆ ਸਰਵਟੇ ਅੱਠ ਦੌੜਾਂ ਬਣਾ ਕੇ ਖੇਡ ਰਹੇ ਹਨ। ਕਪਤਾਨ ਫੈਜ਼ ਫ਼ਜ਼ਲ ਤੇ ਅਕਸ਼ੇ ਵਖਾਰੇ ਨੇ 34-34 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਦੇ ਬੱਲੇਬਾਜ਼ ਦਹਾਈ ਦਾ ਅੰਕੜਾ ਨਾ ਛੂਹ ਸਕੇ। ਅਕਸ਼ੇ ਕੋਲਹਾਰ (00), ਵਸੀਮ ਜਾਫਰ (04), ਮੋਹਿਤ ਕਾਲੇ (01) ਤੇ ਅਕਸ਼ੇ (08) ਜਲਦੀ-ਜਲਦੀ ਆਊਟ ਹੋ ਗਏ। ਸਤੀਸ਼ ਨੇ ਹਾਲਾਂਕਿ ਇਕ ਪਾਸਾ ਸੰਭਾਲੀ ਰੱਖਿਆ। ਉਨ੍ਹਾਂ ਨੇ ਅਜੇ ਤਕ 169 ਗੇਦਾਂ ਦਾ ਸਾਹਮਣਾ ਕੀਤਾ ਹੈ ਤੇ 12 ਚੌਕੇ ਮਾਰੇ ਹਨ। ਪੰਜਾਬ ਲਈ ਬਲਤੇਜ ਸਿੰਘ ਨੇ ਤਿੰਨ, ਸੰਦੀਪ ਸ਼ਰਮਾ ਨੇ ਦੋ ਤੇ ਅਰਸ਼ਦੀਪ ਸਿੰਘ ਨੇ ਇਕ ਵਿਕਟ ਹਾਸਲ ਕੀਤਾ।


author

Tarsem Singh

Content Editor

Related News