ATP ਚੈਲੰਜਰ ਟੂਰਨਾਮੈਂਟ : ਰਾਮਕੁਮਾਰ ਰਾਮਨਾਥਨ ਅਤੇ ਸ਼ਸ਼ੀ ਕੁਮਾਰ ਅੱਗੇ ਵਧੇ
Wednesday, Oct 31, 2018 - 09:06 AM (IST)

ਨਵੀਂ ਦਿੱਲੀ— ਸ਼ਸ਼ੀ ਕੁਮਾਰ ਮੁਕੁੰਦ ਨੇ ਚੀਨ ਦੇ ਯੁਵਾ ਖਿਡਾਰੀ ਯਿਬਿੰਗ ਵੂ ਨੂੰ ਹਰਾਇਆ, ਪਰ ਸ਼ਾਨਦਾਰ ਫਾਰਮ 'ਚ ਚਲ ਰਹੇ ਪ੍ਰਜਨੇਸ਼ ਗੁਣੇਸ਼ਵਰਨ ਨੂੰ ਚੀਨ ਦੇ ਸ਼ੇਨਜੇਨ 'ਚ ਚਲ ਰਹੇ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਮੁੱਖ ਡਰਾਅ ਲਈ ਕੁਆਲੀਫਾਈ ਕਰਨ ਵਾਲੇ 21 ਸਾਲਾ ਸ਼ਸ਼ੀ ਨੇ 75 ਹਜ਼ਾਰ ਡਾਲਰ ਇਨਾਮੀ ਹਾਰਡਕੋਰਟ ਪ੍ਰਤੀਯੋਗਿਤਾ 'ਚ ਯਿਵਿੰਗ ਵੂ ਨੂੰ ਇਕ ਘੰਟੇ 20 ਮਿੰਟ ਤਕ ਚਲੇ ਮੈਚ 'ਚ 7-6, 6-2 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਸ਼ਸ਼ੀ ਦਾ ਅਗਲਾ ਮੁਕਾਬਲਾ ਕੈਨੇਡਾ ਦੇ ਅੱਠਵਾਂ ਦਰਜਾ ਪ੍ਰਾਪਤ ਫਿਲਿਪ ਪੇਲਿਵੋ ਨਾਲ ਹੋਵੇਗਾ।
ਚੌਥਾ ਦਰਜਾ ਪ੍ਰਾਪਤ ਪ੍ਰਜਨੇਸ਼ ਨੂੰ ਸਪੇਨ ਦੇ ਐਲੇਕਜ਼ਾਂਦਰੋ ਡੇਵਿਡੋਵਿਚ ਫੋਕਿਨਾ ਦੇ ਹਥੋਂ 3-6, 4-6 ਨਾਲ ਹਾਰ ਝਲਣੀ ਪਈ। ਭਾਰਤੀ ਖਿਡਾਰੀਆਂ ਵਿਚਾਲੇ ਖੇਡੇ ਗਏ ਮੁਕਾਬਲੇ 'ਚ ਰਾਮਕੁਮਾਰ ਰਾਮਨਾਥਨ ਨੇ ਕੁਆਲੀਫਾਇਰ ਸੁਮਿਤ ਨਾਗਲ ਨੂੰ 3-6, 6-4, 7-6 ਨਾਲ ਹਰਾਇਆ। ਡਬਲਜ਼ 'ਚ ਅਰਜੁਨ ਕਾਧੇ ਅਤੇ ਥਾਈਲੈਂਡ ਦੇ ਉਨ੍ਹਾਂ ਦੇ ਜੋੜੀਦਾਰ ਰਤੀਵਾਤਨਾ ਨੇ ਮਿਖਾਈਲ ਐਲਗਿਨ ਅਤੇ ਯਰਾਸਾਵ ਸ਼ਾਯਲਾ 'ਤੇ 6-3, 6-4 ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ।