ਰੇਲਵੇ ਨੂੰ ਟੀਮ ਖਿਤਾਬ, ਨੀਤੂ ਤੇ ਲਵਲੀਨਾ ਨੇ ਜਿੱਤੇ ਸੋਨ ਤਮਗੇ
Wednesday, Jul 02, 2025 - 11:10 AM (IST)

ਹੈਦਰਾਬਾਦ– ਰੇਲਵੇ ਖੇਡ ਪ੍ਰਬੰਧਨ ਬੋਰਡ (ਆਰ. ਐੱਸ. ਪੀ. ਬੀ.) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਇੱਥੇ ਖਤਮ ਹੋਏ ਏਲੀਟ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿਚ 3 ਸੋਨ ਸਮੇਤ 9 ਤਮਗੇ ਜਿੱਤ ਕੇ ਟੀਮ ਖਿਤਾਬ ਆਪਣੇ ਨਾਂ ਕੀਤਾ। ਆਖਰੀ ਦਿਨ ਵਿਸ਼ਵ ਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਨੀਤੂ ਘਣਘਾਸ (ਹਰਿਆਣਾ), ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (ਟਾਪਸ) ਤੇ ਵਿਸ਼ਵ ਚੈਂਪੀਅਨ ਸਵੀਟੀ ਬੁਰਾ (ਸਾਈ ਐੱਨ. ਸੀ. ਓ. ਈ.) ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ-ਆਪਣੇ ਭਾਰ ਵਰਗ ਵਿਚ ਸੋਨ ਤਮਗੇ ਜਿੱਤੇ। ਸਾਈ. ਐੱਨ. ਸੀ. ਓ. ਈ. ਦੀ ਸਾਂਝੀ ਟੀਮ ਨੇ ਦੋ ਸੋਨ ਸਮੇਤ 7 ਤਮਗੇ ਹਾਸਲ ਕੀਤੇ ਜਦਕਿ ਟਾਪਸ ਕੋਰਡ ਡਿਵੈੱਲਪਮੈਂਟ ਟੀਮ ਨੇ 3 ਸੋਨ ਤਮਗੇ ਜਿੱਤੇ। ਰੇਲਵੇ ਦੇ ਸੋਨ ਤਮਗਾ ਜੇਤੂਆਂ ਵਿਚ ਬੇਬੀਰੋਜਾਨਾ ਚਾਨੂ (57 ਕਿ. ਗ੍ਰਾ.), ਪ੍ਰਾਚੀ (60 ਕਿ. ਗ੍ਰਾ.) ਤੇ ਜਯੋਤੀ (51 ਕਿ. ਗ੍ਰਾ.) ਸ਼ਾਮਲ ਹਨ।