ਆਸਟ੍ਰੇਲੀਆ ਦੌਰਾ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਮਹੱਤਵਪੂਰਨ : ਹਰਮਨਪ੍ਰੀਤ ਸਿੰਘ

Saturday, Aug 09, 2025 - 02:08 PM (IST)

ਆਸਟ੍ਰੇਲੀਆ ਦੌਰਾ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਮਹੱਤਵਪੂਰਨ : ਹਰਮਨਪ੍ਰੀਤ ਸਿੰਘ

ਬੈਂਗਲੁਰੂ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਜ਼ਬੂਤ ਆਸਟ੍ਰੇਲੀਆਈ ਟੀਮ ਦਾ ਉਸਦੇ ਘਰੇਲੂ ਮੈਦਾਨ ’ਤੇ ਸਾਹਮਣਾ ਕਰਨ ਨਾਲ ਉਸਦੀ ਟੀਮ ਨੂੰ ਇਸ ਮਹੀਨੇ ਦੇ ਆਖਿਰ ਵਿਚ ਹੋਣ ਵਾਲੇ ਏਸ਼ੀਆ ਕੱਪ ਤੋਂ ਪਹਿਲਾਂ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ, ਜਿਨ੍ਹਾਂ ਵਿਚ ਸੁਧਾਰ ਦੀ ਲੋੜ ਹੈ।

ਭਾਰਤੀ ਟੀਮ ਅੱਜ ਤੜਕੇ ਆਸਟ੍ਰੇਲੀਆ ਰਵਾਨਾ ਹੋ ਗਈ, ਜਿੱਥੇ ਉਹ 15 ਤੋਂ 21 ਅਗਸਤ ਤੱਕ ਪਰਥ ਹਾਕੀ ਸਟੇਡੀਅਮ ਵਿਚ ਮੇਜ਼ਬਾਨ ਟੀਮ ਵਿਰੁੱਧ 4 ਮੈਚਾਂ ਦੀ ਮਹੱਤਵਪੂਰਨ ਲੜੀ ਖੇਡੇਗੀ। ਹਰਮਨਪ੍ਰੀਤ ਨੇ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਉਸਦੇ ਘਰੇਲੂ ਮੈਦਾਨ ’ਤੇ ਖੇਡਣਾ ਹਮੇਸ਼ਾ ਵੱਡੀ ਚੁਣੌਤੀ ਹੁੰਦੀ ਹੈ ਤੇ ਏਸ਼ੀਆ ਕੱਪ ਲਈ ਤਿਆਰੀ ਦੇ ਇਸ ਪੜਾਅ ਵਿਚ ਸਾਨੂੰ ਇਸੇ ਦੀ ਲੋੜ ਹੈ।

ਉਸ ਨੇ ਕਿਹਾ ਕਿ ਅਸੀਂ ਇਸ ਲੜੀ ਨੂੰ ਏਸ਼ੀਆ ਕੱਪ ਦੀਆਂ ਤਿਆਰੀਆਂ ਦੇ ਇਕ ਮਹੱਤਵਪੂਰਨ ਹਿੱਸੇ ਦੇ ਰੂਪ ਵਿਚ ਦੇਖ ਰਹੇ ਹਾਂ। ਸਾਡਾ ਧਿਆਨ ਇਕ ਇਕਾਈ ਦੇ ਰੂਪ ਵਿਚ ਸੁਧਾਰ ਕਰਨ, ਮਜ਼ਬੂਤ ਵਿਰੋਧੀ ਵਿਰੁੱਧ ਖੁਦ ਨੂੰ ਪਰਖਣ ਤੇ ਏਸ਼ੀਆ ਕੱਪ ਲਈ ਰਾਜਗੀਰ ਜਾਣ ਤੋਂ ਪਹਿਲਾਂ ਜ਼ਰੂਰੀ ਲੈਅ ਹਾਸਲ ਕਰਨ ’ਤੇ ਹੈ।

ਹਰਮਨਪ੍ਰੀਤ ਨੇ ਕਿਹਾ ਕਿ ਆਸਟ੍ਰੇਲੀਆ ਦੇ ਇਸ ਦੌਰੇ ਤੋਂ ਸਾਨੂੰ ਏਸ਼ੀਆ ਕੱਪ ਤੋਂ ਪਹਿਲਾਂ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਵਿਚ ਮਦਦ ਮਿਲੇਗੀ, ਜਿਨ੍ਹਾਂ ਵਿਚ ਸੁਧਾਰ ਕਰਨ ਦੀ ਲੋੜ ਹੈ। ਅਸੀਂ ਆਸਟ੍ਰੇਲੀਆ ਵਰਗੀ ਮਜ਼ਬੂਤ ਟੀਮ ਵਿਰੁੱਧ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹਾਂ। ਆਸਟ੍ਰੇਲੀਆ ਵਿਰੁੱਧ ਮੈਚ 15, 16, 19 ਤੇ 21 ਅਗਸਤ ਨੂੰ ਖੇਡੇ ਜਾਣਗੇ।
 


author

Tarsem Singh

Content Editor

Related News