ਰਹਾਨੇ ਦਾ ਸੰਘਰਸ਼ ਜਾਰੀ, ਭਾਰਤ-ਬੀ ਦੇਵਧਰ ਟਰਾਫੀ ਦੇ ਫਾਈਨਲ ''ਚ
Wednesday, Oct 24, 2018 - 10:05 PM (IST)

ਨਵੀਂ ਦਿੱਲੀ- ਭਾਰਤ-ਬੀ ਨੇ ਭਾਰਤ-ਸੀ ਨੂੰ 30 ਦੌੜਾਂ ਨਾਲ ਹਰਾ ਕੇ ਦੇਵਧਰ ਟਰਾਫੀ ਦੇ ਫਾਈਨਲ ਵਿਚ ਜਗ੍ਹਾ ਬਣਾਈ। ਇਸ ਵਿਚ ਅਜਿੰਕਯ ਰਹਾਨੇ ਦਾ ਸੀਮਤ ਓਵਰਾਂ ਵਿਚ ਸੰਘਰਸ਼ ਬਰਕਰਾਰ ਰਿਹਾ।
ਹਨੁਮਾ ਵਿਹਾਰੀ (76) ਦੇ ਸੰਘਰਸ਼ਪੂਰਨ ਅਰਧ-ਸੈਂਕੜੇ ਦੀ ਮਦਦ ਨਾਲ ਭਾਰਤ-ਬੀ ਨੇ 50 ਓਵਰਾਂ ਵਿਚ 9 ਵਿਕਟਾਂ 'ਤੇ 231 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਭਾਰਤ-ਸੀ ਦੀ ਟੀਮ 48.2 ਓਵਰਾਂ ਵਿਚ 201 ਦੌੜਾਂ 'ਤੇ ਆਊਟ ਹੋ ਗਈ। ਭਾਰਤ-ਬੀ ਵਲੋਂ ਕ੍ਰਿਸ਼ਨੱਪਾ ਗੌਤਮ ਅਤੇ ਮਨੋਜ ਤਿਵਾੜੀ ਨੇ 3-3 ਵਿਕਟਾਂ ਲਈਆਂ। ਭਾਰਤ-ਸੀ ਦੇ ਕਪਤਾਨ ਰਹਾਨੇ ਦਾ ਸੰਘਰਸ਼ ਹਾਲਾਂਕਿ ਜਾਰੀ ਰਿਹਾ। ਉਹ 61 ਗੇਂਦਾਂ 'ਤੇ ਸਿਰਫ 31 ਦੌੜਾਂ ਬਣਾ ਸਕਿਆ। ਖੱਬੇ ਹੱਥ ਦੇ ਸਪਿਨਰ ਸ਼ਾਹਬਾਜ਼ ਨਦੀਮ ਨੇ ਭਾਰਤੀ ਟੈਸਟ ਉਪ-ਕਪਤਾਨ ਨੂੰ ਕਿਸੇ ਵੀ ਸਮੇਂ ਖੁੱਲ੍ਹ ਕੇ ਨਹੀਂ ਖੇਡਣ ਦਿੱਤਾ।