ਸਿਨਸਿਨਾਟੀ ਟੂਰਨਾਮੈਂਟ ਤੋਂ ਹਟੇ ਰਾਫ਼ੇੇਲ ਨਡਾਲ
Friday, Aug 13, 2021 - 11:31 AM (IST)
ਸਿਨਸਿਨਾਟੀ— ਟੋਰੰਟੋ ’ਚ ਚਲ ਰਹੇ ਹਾਰਡ ਕੋਰਟ ਟੂਰਨਾਮੈਂਟ ਤੋਂ ਹਟਣ ਦੇ ਬਾਅਦ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਰਾਫ਼ੇੇਲ ਨਡਾਲ ਨੇ ਕਿਹਾ ਕਿ ਉਹ ਖੱਬੇ ਪੈਰ ’ਤੇ ਸੱਟ ਲੱਗਣ ਕਾਰਨ ਸਿਨਸਿਨਾਟੀ ’ਚ ਹੋਣ ਵਾਲੀ ਆਗਾਮੀ ਟੈਨਿਸ ਪ੍ਰਤੀਯੋਗਿਤਾ ਤੋਂ ਵੀ ਹੱਟ ਰਹੇ ਹਨ। ਨਡਾਲ ਪਿਛਲੇ ਕੁਝ ਸਮੇਂ ਤੋਂ ਪੈਰ ਦੀ ਸੱਟ ਤੋਂ ਪਰੇਸ਼ਾਨ ਹਨ।
ਸਿਨਸਿਨਾਟੀ ਟੂਰਨਾਮੈਂਟ ਤੋਂ ਹੱਟਣ ਦੇ ਬਾਅਦ 20 ਵਾਰ ਦੇ ਗ੍ਰੈਂਡ ਸਲੈਮ ਜੇਤੂ ਨਡਾਲ ਦੇ ਅਮਰੀਕੀ ਓਪਨ ਤੋਂ ਪਹਿਲਾਂ ਕਿਸੇ ਟੂਰਨਾਮੈਂਟ ’ਚ ਖੇਡਣ ਦੀ ਸੰਭਾਵਨਾ ਨਹੀਂ ਹੈ। ਨਡਾਲ 2019 ’ਚ ਪਿਛਲੀ ਵਾਰ ਅਮਰੀਕੀ ਓਪਨ ਖੇਡੇ ਸਨ ਤਾਂ ਉਨ੍ਹਾਂ ਨੇ ਖ਼ਿਤਾਬ ਜਿੱਤਿਆ ਸੀ। ਅੱਡੀ ਦੀ ਸੱਟ ਕਾਰਨ ਪਰੇਸ਼ਾਨ ਮਿਲੋਸ ਰਾਓਨਿਕ ਨੇ ਵੀ ਬੁੱਧਵਾਰ ਨੂੰ ਸਿਨਸਿਨਾਟੀ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ।
ਇਸ ਤੋਂ ਇਲਾਵਾ ਰੋਜਰ ਫੈਡਰਰ, ਨੋਵਾਕ ਜੋਕੋਵਿਚ, ਸੇਰੇਨ ਵਿਲੀਅਮਸ, ਵੀਨਸ ਵਿਲੀਅਮਸ ਤੇ ਸੋਫੀਆ ਕੇਨਿਨ ਜਿਹੇ ਸਟਾਰ ਖਿਡਾਰੀ ਵੀ ਇਸ ਟੂਰਨਾਮੈਂਟ ’ਚ ਨਹੀਂ ਖੇਡ ਰਹੇ। 35 ਸਾਲ ਦੇ ਨਡਾਲ ਪਿਛਲੇ ਹਫਤੇ ਵਾਸ਼ਿੰਗਟਨ ’ਚ ਖੇਡੇ ਸਨ। ਉਨ੍ਹਾਂ ਨੇ ਤਿੰਨ ਸੈਟ ’ਚ ਜੈਕ ਸਾਕ ਨੂੰ ਹਰਾਇਆ ਸੀ ਪਰ ਲਾਇਡ ਹੈਰਿਸ ਦੇ ਖ਼ਿਲਾਫ਼ ਤਿੰਨ ਸੈੱਟ ਹਾਰ ਗਏ ਸਨ। ਇਨ੍ਹਾਂ ਦੋਹਾਂ ਹੀ ਮੁਕਾਬਲਿਆਂ ’ਚ ਨਡਾਲ ਪੈਰ ਦੀ ਸੱਟ ਤੋਂ ਪਰੇਸ਼ਾਨ ਦਿਸ ਰਹੇ ਸਨ।