ਪੰਜਾਬ ਨੇ ਜਿੱਤੀ ਰਾਸ਼ਟਰੀ ਵ੍ਹੀਲਚੇਅਰ ਕ੍ਰਿਕਟ ਚੈਂਪੀਅਨਸ਼ਿਪ
Tuesday, Mar 19, 2019 - 02:51 AM (IST)

ਨਵੀਂ ਦਿੱਲੀ— ਰਣਜੀਤ ਸਿੰਘ (11 ਦੌੜਾਂ 'ਤੇ 8 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਨਾਲ ਪੰਜਾਬ ਨੇ ਛੱਤੀਸਗੜ੍ਹ ਨੂੰ 10 ਵਿਕਟਾਂ ਨਾਲ ਹਰਾ ਕੇ ਦੂਜੀ ਰਾਸ਼ਟਰੀ ਵ੍ਹੀਲਚੇਅਰ ਕ੍ਰਿਕਟ ਟੀ-20 ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਨੋਇਡਾ 'ਚ ਖੇਡੇ ਗਏ ਫਾਈਨਲ ਵਿਚ ਛੱਤੀਸਗੜ੍ਹ ਦੀ ਪੂਰੀ ਟੀਮ 5.4 ਓਵਰਾਂ ਵਿਚ ਸਿਰਫ 28 ਦੌੜਾਂ 'ਤੇ ਹੀ ਆਲ ਆਊਟ ਹੋ ਗਈ। ਪੰਜਾਬ ਵਲੋਂ ਰਣਜੀਤ ਨੇ ਮੈਚ ਦੌਰਾਨ 3 ਓਵਰਾਂ ਵਿਚ 11 ਦੌੜਾਂ 'ਤੇ 8 ਵਿਕਟਾਂ ਹਾਸਲ ਕੀਤੀਆਂ। ਰਣਜੀਤ ਨੇ ਮੈਚ ਦੌਰਾਨ ਹੈਟ੍ਰਿਕ ਵੀ ਲਾਈ। ਰਣਜੀਤ ਸਲਾਮੀ ਬੱਲੇਬਾਜ਼ ਵੀ ਸਨ, ਜਿਨ੍ਹਾਂ ਨੇ 15 ਗੇਂਦਾਂ 'ਚ 29 ਦੌੜਾਂ ਬਣਾ ਕੇ ਇਕੱਲਿਆ ਆਪਣੇ ਦਮ 'ਤੇ ਟੀਮ ਨੂੰ ਮੈਚ 'ਚ ਜਿੱਤ ਹਾਸਲ ਕਰਵਾਈ। ਪੰਜਾਬ ਨੇ 2.5 ਓਵਰਾਂ 'ਚ ਬਿਨਾਂ ਕੋਈ ਵਿਕਟ ਗੁਆਏ ਕੁਲ 32 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਪੰਜਾਬ ਨੇ ਕਰਨਾਟਕ ਨੂੰ ਸੈਮੀਫਾਈਨਲ 'ਚ ਹਰਾਇਆ। ਕਰਨਾਟਕ ਨੇ 6 ਵਿਕਟਾਂ 'ਤੇ 195 ਦੌੜਾਂ ਬਣਾਈਆਂ ਸਨ। ਹਰੀਸ਼ ਕੁਮਾਰ ਨੇ 43 ਗੇਂਦਾਂ 'ਚ 79 ਦੌੜਾਂ ਬਣਾਈਆਂ। ਪੰਜਾਬ ਨੇ 19.1 ਓਵਰ 'ਚ 5 ਵਿਕਟਾਂ 'ਤੇ 197 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ ਫਾਈਨਲ 'ਚ ਜਗ੍ਹਾ ਬਣਾ ਲਈ। ਦੂਸਰੇ ਸੈਮੀਫਾਈਨਲ 'ਚ ਛਤੀਸਗੜ੍ਹ ਨੇ ਗੁਜਰਾਤ ਨੂੰ ਹਰਾਇਆ ਸੀ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਗੁਜਰਾਤ ਦੀ ਪੂਰੀ ਟੀਮ ਨੂੰ ਕੇਵਲ 99 ਦੌੜਾਂ 'ਤੇ ਆਊਟ ਕਰ ਦਿੱਤਾ। ਛਤੀਸਗੜ੍ਹ ਨੇ ਇਸ ਮੈਚ ਨੂੰ 5 ਵਿਕਟਾਂ ਨਾਲ ਜਿੱਤ ਲਿਆ ਸੀ।