ਪੰਜਾਬ ਕਰੇਗਾ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ

09/12/2019 3:40:01 AM

ਚੰਡੀਗੜ੍ਹ (ਭੁੱਲਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 64ਵੀਂ ਲੜਕਿਆਂ ਅਤੇ 22ਵੀਂ ਲੜਕੀਆਂ ਦੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ 29 ਨਵੰਬਰ ਤੋਂ 1 ਦਸੰਬਰ ਤੱਕ ਪੀ. ਏ. ਪੀ. ਜਲੰਧਰ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ 24 ਸਾਲ ਬਾਅਦ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਅਤੇ ਪਦਮ ਪਹਿਲਵਾਨ ਕਰਤਾਰ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕਰਵਾਈ ਜਾਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਤੋਂ ਲਗਭਗ 1400 ਪਹਿਲਵਾਨ, ਕੋਚ ਅਤੇ ਆਫ਼ੀਸ਼ੀਅਲਜ਼ ਹਿੱਸਾ ਲੈਣਗੇ। ਚੈਂਪੀਅਨਸ਼ਿਪ ਵਿਚ ਕੌਮਾਂਤਰੀ ਪੱਧਰ ਦੇ ਚੋਟੀ ਦੇ ਪਹਿਲਵਾਨ ਸੁਸ਼ੀਲ ਕੁਮਾਰ, ਬਜਰੰਗ ਪੂਨੀਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਨਵਜੋਤ ਕੌਰ, ਗੁਰਸ਼ਰਨ ਕੌਰ  ਅਤੇ ਵਿਨੇਸ਼ ਫ਼ੋਗਟ ਆਦਿ ਖਿੱਚ ਦਾ ਕੇਂਦਰ ਹੋਣਗੇ।
ਪੰਜਾਬ ਕੁਸ਼ਤੀ ਸੰਸਥਾ ਦੇ ਸਕੱਤਰ ਅਤੇ ਭਾਰਤੀ ਕੁਸ਼ਤੀ ਟੀਮ ਦੇ ਸਾਬਕਾ ਚੀਫ ਕੋਚ ਪੀ. ਆਰ. ਸੋਂਧੀ ਨੇ ਦੱਸਿਆ ਕਿ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਸਬੰਧੀ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕੁਸ਼ਤੀ ਚੈਂਪੀਅਨਸ਼ਿਪ 19 ਤੇ 20 ਅਕਤੂਬਰ ਨੂੰ ਪੀ. ਏ. ਪੀ. ਦੇ ਹੀ ਐੱਮ. ਐੱਸ. ਭੁੱਲਰ ਇਨਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ।


Gurdeep Singh

Content Editor

Related News