ਹਾਰ ਦੇ ਬਾਅਦ ਪੰਜਾਬ ਦੇ ਕਪਤਾਨ ਮਯੰਕ ਅਗਰਵਾਲ ਦਾ ਬਿਆਨ, ਇਹ ਬਹੁਤ ਨਿਰਾਸ਼ਾਜਨਕ ਪ੍ਰਦਰਸ਼ਨ ਸੀ
Saturday, Apr 30, 2022 - 02:09 PM (IST)
ਸਪੋਰਟਸ ਡੈਸਕ- ਪੰਜਾਬ ਕਿੰਗਜ਼ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਖ਼ਿਲਾਫ਼ 154 ਦੌੜਾਂ ਦੇ ਟੀਚੇ ਦਾ ਪਿੱਛਾ ਨਹੀਂ ਕਰ ਸਕੀ ਤੇ 20 ਦੌੜਾਂ ਨਾਲ ਮੈਚ ਹਾਰ ਗਈ। ਇਸ ਮੈਚ 'ਚ ਪੰਜਾਬ ਕਿੰਗਜ਼ ਦੇ ਬੱਲੇਬਾਜ਼ ਲਗਾਤਾਰ ਆਪਣੀਆਂ ਵਿਕਟਾਂ ਗੁਆਉਂਦੇ ਰਹੇ ਤੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ ਸਿਰਫ਼ 133 ਦੌੜਾਂ ਹੀ ਬਣਾ ਸਕੀ। ਮੈਚ ਹਾਰਨ ਦੇ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਇਸ ਹਾਰ ਦਾ ਕਾਰਨ ਦੱਸਿਆ ਤੇ ਕਿਹਾ ਕਿ ਸਾਨੂੰ ਇਸ 'ਚ ਸੁਧਾਰ ਕਰਨ ਦੀ ਲੋੜ ਹੈ।
ਮਯੰਕ ਅਗਰਵਾਲ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਅਸੀਂ ਲਗਾਤਾਰ ਆਪਣੀਆਂ ਵਿਕਟਾਂ ਗੁਆਉਂਦੇ ਰਹੇ। ਸਾਡੇ ਕੁਝ ਬੱਲੇਬਾਜ਼ ਕ੍ਰੀਜ਼ 'ਤੇ ਡਟੇ ਹੋਏ ਸਨ ਪਰ ਇਸ ਦੇ ਬਾਵਜੂਦ ਦੂਜੇ ਪਾਸਿਓਂ ਵਿਕਟਾਂ ਡਿਗ ਰਹੀਆਂ ਸਨ। ਅਸੀਂ ਬੜੀ ਆਸਾਨੀ ਨਾਲ ਵਿਕਟਾਂ ਗੁਆ ਦਿੱਤੀਆਂ। ਇਹ ਬਹੁਤ ਨਿਰਾਸ਼ਾਜਨਕ ਪ੍ਰਦਰਸਨ ਹੈ ਤੇ ਸਾਨੂੰ ਇਸ ਸੱਚਾਈ ਦਾ ਸਾਹਮਣਾ ਕਰਨਾ ਹੋਵੇਗਾ। ਅਸੀਂ ਚੰਗੀ ਤਰ੍ਹਾਂ ਬੱਲੇਬਾਜ਼ੀ ਨਹੀਂ ਕੀਤੀ।
ਮਯੰਕ ਨੇ ਅੱਗੇ ਕਿਹਾ ਕਿ ਨਵੀਂ ਗੇਂਦ ਕੁਝ ਹਰਕਤ ਕਰ ਰਹੀ ਸੀ ਤੇ ਕੁਝ ਉਛਾਲ ਵੀ ਸੀ। ਇਹ ਇਕ ਮਹੱਤਵਪੂਰਨ ਸਮਾਂ ਸੀ ਤੇ ਇਸ ਤੋਂ ਬਾਅਦ ਬੱਲੇਬਾਜ਼ੀ ਕਰਨਾ ਬਿਹਤਰ ਹੋਇਆ। ਅਸੀਂ ਕਾਫੀ ਚੰਗੀ ਗੇਂਦਬਾਜ਼ੀ ਕਰ ਰਹੇ ਹਾਂ ਤੇ ਗੇਂਦਬਾਜ਼ੀ ਇਕਾਈ ਦੇ ਤੌਰ 'ਤੇ ਕਾਫ਼ੀ ਚੰਗੀਆਂ ਚੀਜ਼ਾਂ ਕਰ ਰਹੇ ਹਾਂ। ਅਰਸ਼ਦੀਪ ਅੱਗੇ ਆ ਕੇ ਗੇਂਦਬਾਜ਼ੀ ਸੰਭਾਲ ਰਹੇ ਹਨ। ਰਾਹੁਲ ਦੀ ਵਿਕਟ ਮਿਲੀ ਸੀ ਤੇ ਕਗਿਸੋ ਰਬਾਡਾ ਜਿਹੇ ਵੱਡੇ ਖਿਡਾਰੀ ਸਾਨੂੰ ਮਹੱਤਵਪੂਰਨ ਵਿਕਟਾਂ ਦਿਵਾ ਰਹੇ ਹਨ।