ਫਾਈਨਲ ''ਚ  ਮੁੱਖ ਸਪਾਂਸਰ ਇੰਡੀਅਨ ਆਇਲ ਨੂੰ ਹਰਾ ਪੰਜਾਬ ਐਂਡ ਸਿੰਧ ਬੈਂਕ 12ਵੀਂ ਵਾਰ ਚੈਂਪੀਅਨ​​​​​​​

Sunday, Oct 20, 2019 - 12:44 PM (IST)

ਫਾਈਨਲ ''ਚ  ਮੁੱਖ ਸਪਾਂਸਰ ਇੰਡੀਅਨ ਆਇਲ ਨੂੰ ਹਰਾ ਪੰਜਾਬ ਐਂਡ ਸਿੰਧ ਬੈਂਕ 12ਵੀਂ ਵਾਰ ਚੈਂਪੀਅਨ​​​​​​​

ਜਲੰਧਰ (ਜ. ਬ.)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਦਾ ਖਿਤਾਬ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀ ਟੀਮ ਨੇ ਮੁੱਖ ਸਪਾਂਸਰ ਇੰਡੀਅਨ ਆਇਲ ਮੁੰਬਈ ਦੀ ਟੀਮ ਨੂੰ ਪੈਨਲਟੀ ਸ਼ੂਟਆਊਟ ਵਿਚ 6-3 ਨਾਲ ਹਰਾ ਕੇ ਜਿੱਤਿਆ ਤੇ ਇਸਦੇ ਨਾਲ ਹੀ ਉਹ 12ਵੀਂ ਵਾਰ ਇਸ ਟੂਰਨਾਮੈਂਟ ਦੀ ਚੈਂਪੀਅਨ ਬਣ ਗਈ। ਫਾਈਨਲ ਵਿਚ ਇੰਡੀਅਨ ਆਇਲ ਟੀਮ ਨੇ ਪਹਿਲੇ ਕੁਆਰਟਰ ਵਿਚ ਹੀ 2-0 ਦੀ ਬੜ੍ਹਤ ਹਾਸਲ ਕਰ ਲਈ ਸੀ। ਸਿੰਧ ਬੈਂਕ ਦੀ ਟੀਮ ਨੂੰ ਪਹਿਲੇ ਹਾਫ ਵਿਚ ਮਿਲੇ ਪੈਨਲਟੀ ਕਾਰਨਰ ਨੂੰ ਇੰਡੀਅਨ ਆਇਲ ਦੇ ਗੋਲਕੀਪਰ ਨੇ ਗੋਲ ਲਾਈਨ 'ਤੇ ਰੋਕ ਦਿੱਤਾ।

ਦੂਜੇ ਕੁਆਰਟਰ ਵਿਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 1-2 ਕਰ ਦਿੱਤਾ। ਪੰਜਾਬ ਐਂਡ ਸਿੰਧ ਬੈਂਕ ਲਈ ਆਸ਼ੀਸ਼ ਪਾਲ ਨੇ ਸਿੰਗਲ ਕੋਸ਼ਿਸ਼ ਰਾਹੀਂ ਗੋਲ ਕਰ ਕੇ ਸਕੋਰ 2-2 ਕਰ ਦਿੱਤਾ, ਜਿਹੜਾ ਕਿ ਹਾਫ ਤਕ ਬਰਕਰਾਰ ਰਿਹਾ। ਤੀਜੇ ਕੁਆਰਟਰ ਵਿਚ ਬੈਂਕ ਟੀਮ ਨੂੰ ਸ਼ੁਰੂਆਤੀ ਮਿੰਟਾਂ ਵਿਚ ਪੈਨਲਟੀ ਕਾਰਨਰ ਮਿਲਿਆ ਪਰ ਸਹੀ ਨਤੀਜਾ ਨਹੀਂ ਮਿਲ ਸਕਿਆ।

PunjabKesari

ਤੀਜੇ ਕੁਆਰਟਰ ਤੋਂ ਬਾਅਦ ਵੀ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ। ਚੌਥੇ ਤੇ ਆਖਰੀ ਕੁਆਰਟਰ ਵਿਚ ਟੀਮਾਂ ਦੀ ਥਾਕਵਟ ਸ਼ੁਰੂਆਤੀ ਮਿੰਟਾਂ ਵਿਚ ਸਾਫ ਦੇਖਣ ਨੂੰ ਮਿਲ ਰਹੀ ਸੀ। ਦੋਵਾਂ ਟੀਮਾਂ ਨੇ ਇਸ ਕੁਆਰਟਰ 'ਚ ਇਕ-ਦੂਜੇ ਦੇ ਗੋਲ ਪੋਸਟ ਤਕ ਦੌੜ ਤਾਂ ਲਾਈ ਪਰ ਸਫਲਤਾ ਨਸੀਬ ਨਹੀਂ ਹੋਈ। ਬੈਂਕ ਦੇ ਹਰਮਨਜੀਤ ਨੇ 58ਵੇਂ ਮਿੰਟ ਵਿਚ ਆਇਲ ਟੀਮ ਦੇ ਗੋਲ ਕਰਨ ਦੀ ਕੋਸ਼ਿਸ ਨੂੰ ਅਸਫਲ ਕੀਤਾ। ਨਿਰਧਾਰਤ ਸਮੇਂ 'ਤੇ ਟੀਮਾਂ 2-2 ਦੀ ਬਰਾਬਰੀ 'ਤੇ ਰਹੀਆਂ। ਫਿਰ ਮੈਚ ਦਾ ਨਤੀਜਾ ਪੈਨਲਟੀ ਸ਼ੂਟਆਊਟ ਰਾਹੀਂ ਕੀਤਾ ਗਿਆ।
ਬੈਂਕ ਦੇ ਗਗਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਨੂੰ ਬੈਸਟ ਖਿਡਾਰੀ ਐਲਾਨ ਕੀਤਾ ਗਿਆ।


Related News