PSL 2022 : ਰੋਮਾਂਚਕ ਮੁਕਾਬਲੇ 'ਚ ਜਿੱਤ ਦਰਜ ਕਰਕੇ ਫਾਈਨਲ 'ਚ ਪੁੱਜੀ ਲਾਹੌਰ ਕਲੰਦਰਸ
Saturday, Feb 26, 2022 - 12:23 PM (IST)
ਸਪੋਰਟਸ ਡੈਸਕ- ਲਾਹੌਰ ਕਲੰਦਰਸ ਨੇ ਰੋਮਾਂਚਕ ਸੈਮੀਫਾਈਨਲ ਮੁਕਾਬਲੇ 'ਚ ਇਸਲਾਮਾਬਾਦ ਯੂਨਾਈਟਿਡ ਨੂੰ 6 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਸੁਪਰ ਲੀਗ ਦੇ ਫਾਈਨਲ 'ਚ ਜਗ੍ਹਾ ਬਣਾਈ। ਐਤਵਾਰ ਨੂੰ ਫਾਈਨਲ 'ਚ ਲਾਹੌਰ ਕਲੰਦਰਸ ਦਾ ਸਾਹਮਣਾ ਸਾਬਕਾ ਚੈਂਪੀਅਨ ਮੁਲਤਾਨ ਸੁਲਤਾਨਸ ਨਾਲ ਹੋਵੇਗਾ।
ਲਾਹੌਰ ਦੀ ਟੀਮ ਇਸ ਤੋਂ ਪਹਿਲਾਂ 2020 'ਚ ਵੀ ਫਾਈਨਲ 'ਚ ਪੁੱਜੀ ਸੀ ਪਰ ਉਦੋਂ ਟੀਮ ਨੂ ਉਪ-ਜੇਤੂ ਬਣ ਕੇ ਸਬਰ ਕਰਨਾ ਪਿਆ ਸੀ। ਦੋ ਵਾਰ ਦੇ ਚੈਂਪੀਅਨ ਇਸਲਾਮਾਬਾਦ ਯੂਨਾਈਟਿਡ ਨੂੰ ਆਖ਼ਰੀ ਪੰਜ ਓਵਰ 'ਚ ਸਿਰਫ਼ 39 ਦੌੜਾਂ ਦੀ ਲੋੜ ਸੀ ਜਦਕਿ ਉਸ ਦੀਆਂ 5 ਵਿਕਟਾਂ ਬਾਕੀ ਸਨ। ਟੀਮ ਨੇ ਹਾਲਾਂਕਿ ਇਕ ਦੌੜ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਜਿਸ ਨਾਲ ਪੂਰੀ ਟੀਮ 19.4 ਓਵਰ 'ਚ 162 ਦੌੜਾਂ 'ਤੇ ਸਿਮਟ ਗਈ।
ਇਸ ਤੋਂ ਪਹਿਲਾਂ ਡੇਵਿਡ ਵਾਈਲੀ ਦੇ 8 ਗੇਂਦ 'ਚ 28 ਦੌੜਾਂ ਦੀ ਬਦੌਲਤ ਲਾਹੌਰ ਦੀ ਟੀਮ ਨੇ 7 ਵਿਕਟਾਂ 'ਤੇ 168 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਵਾਈਸੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਕਾਸ ਮਕਸੂਦ ਦੇ ਪਾਰੀ ਦੇ ਆਖ਼ਰੀ ਓਵਰ 'ਚ ਤਿੰਨ ਛੱਕੇ ਤੇ ਇਕ ਚੌਕੇ ਨਾਲ 27 ਦੌੜਾਂ ਜੁਟਾਈਆਂ। ਵਾਈਸੀ ਨੇ ਇਸ ਤੋਂ ਬਾਅਦ ਇਸਲਾਮਾਬਾਦ ਦੀ ਪਾਰੀ ਦੇ ਆਖ਼ਰੀ ਓਵਰ 'ਚ ਸਿਰਫ਼ ਇਕ ਦੌੜ ਖ਼ਰਚ ਕਰਕੇ ਲਾਹੌਰ ਕਲੰਦਰਸ ਨੂੰ ਜਿੱਤ ਦਿਵਾਈ।
ਇਹ ਵੀ ਪੜ੍ਹੋ : ਭਾਰਤੀ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ ਵੀ ਯੂਕ੍ਰੇਨ ’ਚ ਫਸੇ
ਨੌਵੇ ਨੰਬਰ ਦੇ ਬੱਲੇਬਾਜ਼ ਮੁਹੰਮਦ ਵਸੀਮ ਨੇ ਵਾਈਸੀ ਦੀ ਪਹਿਲੀਆਂ ਦੋ ਗੇਂਦ 'ਤੇ ਇਕ ਦੌੜ ਲੈਣ ਤੋਂ ਇਨਕਾਰ ਕੀਤਾ ਤੇ ਫਿਰ ਅਗਲੀ ਗੇਂਦ 'ਤੇ ਦੋ ਦੌੜਾਂ ਲੈਣ ਦੀ ਕੋਸ਼ਿਸ਼ 'ਚ ਰਨ ਆਊਟ ਹੋ ਗਏ। ਆਖ਼ਰੀ ਬੱਲੇਬਾਜ਼ ਮਕਸੂਦ ਨੇ ਇਸ ਤੋਂ ਬਾਅਦ ਡੀਪ ਮਿਡਵਿਕਟ 'ਤੇ ਕੈਚ ਫੜਾ ਦਿੱਤਾ। ਇਸਲਾਮਾਬਦ ਵਲੋਂ ਆਜ਼ਮ ਖ਼ਾਨ (40) ਚੋਟੀ ਦੇ ਸਕੋਰਰ ਰਹੇ ਜਦਿਕ ਐਲੇਕਸ ਹੇਸਲ (38) ਤੇ ਆਸਿਫ ਅਲੀ (25) ਨੇ ਉਪਯੋਗੀ ਪਾਰੀਆਂ ਖੇਡੀਆਂ ਪਰ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।