PSG ਨੇ ਬਾਰਸੀਲੋਨਾ ਨੂੰ ਹਰਾਇਆ
Friday, Oct 03, 2025 - 04:04 PM (IST)

ਬਾਰਸੀਲੋਨਾ (ਭਾਸ਼ਾ)- ਗੋਨਕਾਲੋ ਰਾਮੋਸ ਵੱਲੋਂ 90ਵੇਂ ਮਿੰਟ ’ਚ ਕੀਤੇ ਗੋਲ ਦੀ ਮਦਦ ਨਾਲ ਪੈਰਿਸ ਸੈਂਟ-ਜਰਮੇਨ (ਪੀ. ਐੱਸ. ਜੀ.) ਨੇ ਚੈਂਪੀਅਨਜ਼ ਲੀਗ ਫੁੱਟਬਾਲ ਮੈਚ ’ਚ ਪਿੱਛੇ ਹੋਣ ਦੇ ਬਾਵਜੂਦ ਸ਼ਾਨਦਾਰ ਵਾਪਸੀ ਕਰਦਿਆਂ ਬਾਰਸੀਲੋਨਾ ਨੂੰ 2-1 ਨਾਲ ਹਰਾਇਆ। ਉਸਮਾਨ ਡੈਮਬੇਲੇ, ਡਿਜਾਇਰ ਡੋਏ ਅਤੇ ਖਵੀਚਾ ਕਵਾਰਾਤਸਖੇਲੀਆ ਵਰਗੇ ਤਜੁਰਬੇਕਾਰ ਫਾਰਵਰਡ ਖਿਡਾਰੀ ਨਾ ਹੋਣ ਦੇ ਬਾਵਜੂਦ ਪਿਛਲੇ ਸਾਲ ਦੀ ਚੈਂਪੀਅਨ ਪੀ. ਐੱਸ. ਜੀ. ਦੀ ਟੀਮ ‘ਏਸਤਾਦੀ ਓਲਿੰਪਿਕ ਲੁਈਸ ਕੰਪਨੀਸ’ ਸਟੇਡੀਅਮ ਵਿਚ 1-0 ਨਾਲ ਪਿੱਛੇ ਚੱਲ ਰਹੀ ਸੀ।
ਸੇਨੇ ਮਾਯੂਲੂ ਨੇ 38ਵੇਂ ਮਿੰਟ ’ਚ ਬਰਾਬਰੀ ਦਾ ਗੋਲ ਕੀਤਾ, ਜਦਕਿ ਰਾਮੋਸ ਨੇ ਆਖਰੀ ਪਲਾਂ ’ਚ ਗੋਲ ਕਰ ਕੇ ਬਾਰਸੀਲੋਨਾ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਬਾਰਸੀਲੋਨਾ ਵੱਲੋਂ ਫੇਰਾਨ ਟੋਰੇਸ ਨੇ 19ਵੇਂ ਮਿੰਟ ’ਚ ਮੈਚ ਦਾ ਪਹਿਲਾ ਗੋਲ ਕੀਤਾ ਸੀ। ਮੈਂਚੇਸਟਰ ਸਿਟੀ ਨੂੰ ਮੋਨਾਕੋ ਖਿਲਾਫ 2-2 ਦੇ ਡਰਾਅ ਨਾਲ ਅੰਕ ਸਾਂਝੇ ਕਰਨੇ ਪਏ। ਐਰਿਕ ਡਾਇਰ ਨੇ 90ਵੇਂ ਮਿੰਟ ’ਚ ਪੈਨਲਟੀ ਰਾਹੀਂ ਗੋਲ ਕਰ ਕੇ ਸਿਟੀ ਨੂੰ ਜਿੱਤ ਹਾਸਲ ਕਰਨ ਤੋਂ ਰੋਕ ਦਿੱਤਾ।
ਐਰਲਿੰਗ ਹਾਲੈਂਡ ਨੇ ਇਕ ਵਾਰ ਫਿਰ ਚੈਂਪੀਅਨਜ਼ ਲੀਗ ’ਚ 2 ਗੋਲ ਕੀਤੇ। ਉਹ ਪਿਛਲੇ ਮਹੀਨੇ ਹੀ ਇਸ ਲੀਗ ’ਚ ਸਭ ਤੋਂ ਤੇਜ਼ 50 ਗੋਲ ਕਰਨ ਵਾਲਾ ਖਿਡਾਰੀ ਬਣਿਆ ਸੀ। ਹੁਣ ਉਹ 60 ਗੋਲ ਦੇ ਅੰਕੜੇ ਤੱਕ ਸਭ ਤੋਂ ਤੇਜ਼ੀ ਨਾਲ ਪਹੁੰਚਣ ਦੇ ਨੇੜੇ ਹੈ। ਲਿਓਨੇਲ ਮੇਸੀ ਨੇ ਇਹ ਕਾਰਨਾਮਾ 80 ਮੈਚਾਂ ’ਚ ਕੀਤਾ ਸੀ, ਜਦਕਿ ਹਾਲੈਂਡ ਨੇ 50 ਮੈਚਾਂ ’ਚ ਹੀ 52 ਗੋਲ ਕਰ ਲਏ ਹਨ।
ਹੋਰ ਮੈਚਾਂ ’ਚ ਵਿਲਾਰੀਅਲ ਅਤੇ ਯੂਵੈਂਟਸ ਦੀ ਟਕਰ 2-2 ਦੀ ਬਰਾਬਰੀ ’ਤੇ ਸਮਾਪਤ ਹੋਈ। ਇਸ ’ਚ ਰੇਨਾਟੋ ਵੇਇਗਾ ਨੇ ਅਖੀਰ ’ਚ ਬਰਾਬਰੀ ਦਾ ਗੋਲ ਕੀਤਾ। ਆਰਸੇਨਲ ਨੇ ਓਲੰਪੀਆਕੋਸ ਨੂੰ 2-0 ਨਾਲ ਹਰਾ ਕੇ ਮੁਕਾਬਲੇ ’ਚ ਆਪਣੀ ਸੌ ਫੀਸਦੀ ਜਿੱਤ ਦੀ ਲੜੀ ਜਾਰੀ ਰੱਖੀ।