ਪ੍ਰਿਥਵੀ ''ਚ ਸਚਿਨ, ਸਹਿਵਾਗ ਤੇ ਲਾਰਾ ਦੀ ਝਲਕ : ਸ਼ਾਸਤਰੀ
Sunday, Oct 14, 2018 - 11:47 PM (IST)

ਹੈਦਰਾਬਾਦ— ਤੇਜ਼ ਗੇਂਦਬਾਜ਼ ਉਮੇਸ਼ ਯਾਦਵ (133 ਦੌੜਾਂ 'ਤੇ 10 ਵਿਕਟਾਂ) ਦੇ ਕਰੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੂਜੇ ਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਹੀ ਦਿਨ ਐਤਵਾਰ 10 ਵਿਕਟਾਂ ਨਾਲ ਇਕਤਰਫਾ ਜਿੱਤ ਆਪਣੇ ਨਾਂ ਕਰਨ ਦੇ ਨਾਲ ਹੀ ਸੀਰੀਜ਼ ਵਿਚ 2-0 ਨਾਲ ਕਲੀਨ ਸਵੀਪ ਕਰ ਲਈ।
ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੂੰ ਨੌਜਵਾਨ ਖਿਡਾਰੀ ਪ੍ਰਿਥਵੀ ਸ਼ਾਹ ਦੀ ਬੱਲੇਬਾਜ਼ੀ ਵਿਚ ਆਧੁਨਿਕ ਯੁਗ ਦੇ ਤਿੰਨ ਸਫਲ ਬੱਲੇਬਾਜ਼ਾਂ ਦੀ ਝਲਕ ਦਿਸਦੀ ਹੈ, ਜਿਸ ਨੇ ਬੱਲੇਬਾਜ਼ੀ ਦੇ ਨਿਯਮਾਂ ਦੇ ਦਾਇਰੇ ਤੋਂ ਹਟ ਕੇ ਖੇਡ ਕੇ ਸਫਲਤਾ ਹਾਸਲ ਕੀਤੀ ਹੈ। ਸ਼ਾਸਤਰੀ ਨੇ ਕਿਹਾ ਕਿ 18 ਸਾਲ ਦੇ ਇਸ ਸਲਾਮੀ ਬੱਲੇਬਾਜ਼ ਵਿਚ ਸਚਿਨ ਤੇਂਦੁਲਕਰ, ਬ੍ਰਾਇਨ ਲਾਰਾ ਤੇ ਵਰਿੰਦਰ ਸਹਿਵਾਗ ਦੀ ਝਲਕ ਦਿਸਦੀ ਹੈ। ਭਾਰਤੀ ਕੋਚ ਨੇ ਕਿਹਾ, ''ਉਸ ਦਾ (ਪ੍ਰਿਥਵੀ ਦਾ) ਜਨਮ ਕ੍ਰਿਕਟ ਲਈ ਹੀ ਹੋਇਆ ਹੈ। ਉਹ 8 ਸਾਲ ਦੀ ਉਮਰ ਤੋਂ ਮੁੰਬਈ ਦੇ ਮੈਦਾਨਾਂ 'ਤੇ ਖੇਡ ਰਿਹਾ ਹੈ। ਤੁਸੀਂ ਉਸ ਦੀ ਸਖਤ ਮਿਹਨਤ ਦੇਖ ਸਕਦੇ ਹੋ। ਦਰਸ਼ਕਾਂ ਨੂੰ ਵੀ ਉਸ ਦੀ ਖੇਡ ਸ਼ਾਨਦਾਰ ਲੱਗਦੀ ਹੈ।''